ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਮਾਰਚ 2021-ਪੰਜਾਬ ਸਰਕਾਰ ਵੱਲੋਂ ਸਾਲ 2021-22 ਲਈ ਪੇਸ਼ ਕੀਤੇ ਗਏ ਆਖ਼ਰੀ ਬਜ਼ਟ ਸ਼ੈਸ਼ਨ ’ਚ ਭਾਵੇਂ ਹਰ ਵਰਗ ਲਈ ਰਾਹਤਮਈ ਫੈਸਲੇ ਲਏ ਗਏ ਹਨ, ਪਰ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨੂੰ ਫ਼ਿਰ ਤੋਂ ਸਰਕਾਰ ਵੱਲੋਂ ਦਰਕਿਨਾਰ ਕੀਤਾ ਗਿਆ ਹੈ। ਸਥਾਨਕ ਸ਼ਹਿਰ ਦੇ ਲੋਕ ਸ਼ਹਿਰ ਅੰਦਰ ਸੀਵਰੇਜ ਸਿਸਟਮ ਤੇ ਜਲਾਲਾਬਾਦ ਰੋਡ ਓਵਰਬਿ੍ਰਜ਼ ਉਸਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਫ਼ੰਡ ਜਾਰੀ ਕਰਨ ਦੀ ਮੰਗ ਕਰ ਰਹੇ ਹਨ, ਜਿਸਦੇ ਚੱਲਦਿਆਂ ਵਿਧਾਨ ਸਭਾ ਬਜ਼ਟ ਸ਼ੈਸ਼ਨ ’ਚ ਸ਼ਹਿਰ ਵਾਸੀਆਂ ਨੂੰ ਜਲਾਲਾਬਾਦ ਰੋਡ ਓਵਰਬਿ੍ਰਜ਼ ਸਬੰਧੀ ਫ਼ੰਡ ਜਾਰੀ ਹੋਣ ਦੀ ਵੱਡੀ ਆਸ ਸੀ, ਪਰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਲਵੇ ਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਪ੍ਰਤੀ ਕੋਈ ਰਾਹਤਮਈ ਫੈਸਲਾ ਨਹੀਂ ਸੁਣਾਇਆ ਗਿਆ, ਜਿਸ ਨਾਲ ਸਥਾਨਕ ਲੋਕਾਂ ਦੀਆਂ ਉਮੀਦਾਂ ਢਹਿ ਢੇਰੀ ਹੋ ਗਈਆਂ ਹਨ।
ਵਰਣਨਯੋਗ ਹੈ ਕਿ ਸਾਲ 2019 ’ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਜਲਾਲਾਬਾਦ ਰੋਡ ਓਵਰਬਿ੍ਰਜ਼ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਗਿਆ ਸੀ ਤੇ 15 ਮਹੀਨਿਆਂ ’ਚ ਓਵਰਬਿ੍ਰਜ਼ ਦਾ ਕੰਮ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਪੁਲ ਅੱਧ ਵਿਚਕਾਰ ਹੀ ਹੈ, ਜਦੋਂਕਿ ਫੰਡਾਂ ਦੀ ਘਾਟ ਕਰਕੇ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ, ਇਸ ਸਬੰਧੀ ਸ਼ਹਿਰ ਦੇ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਦੀ ਅਗਵਾਈ ਹੇਠ ਵਫਦ ਨੇ ਖ਼ਜ਼ਾਨਾ ਮੰਤਰੀ ਨੂੰ ਓਵਰਬਿ੍ਰਜ਼ ਦੀ ਉਸਾਰੀ ਲਈ ਬਾਕੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਸੀ, ਪਰ ਵਿਧਾਨ ਸਭਾ ਬਜ਼ਟ ਸ਼ੈਸ਼ਨ ’ਚ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਸਬੰਧੀ ਕੋਈ ਬਿਆਨ ਨਾ ਦੇਣ ਦੇ ਚੱਲਦਿਆਂ ਲੋਕਾਂ ’ਚ ਕਾਂਗਰਸ ਸਰਕਾਰ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਧੀਆਂ ਤੇਲ ਕੀਮਤਾਂ ਪ੍ਰਤੀ ਵੀ ਬਜ਼ਟ ਸ਼ੈਸ਼ਨ ’ਚ ਕੋਈ ਰਾਹਤਮਈ ਫੈਸਲਾ ਨਾ ਸੁਣਾਉਣ ਕਰਕੇ ਵੀ ਲੋਕਾਂ ਦੀਆਂ ਉਮੀਦਾਂ ਟੁੱਟੀਆਂ ਹਨ, ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਪੰਜਾਬ ਸਰਕਾਰ ਤੇਲ ਕੀਮਤਾਂ ’ਤੇ ਆਪਣੇ ਹਿੱਸੇ ਦਾ ਟੈਕਸ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਵੇਗੀ, ਪਰ ਅਫ਼ਸੋਸ ਅਜਿਹਾ ਕੁੱਝ ਨਹੀਂ ਹੋਇਆ ਹੈ।