- ਕੇਂਦਰ ਸਰਕਾਰ ਸ਼ਰੇਆਮ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ: ਬਡਹੇੜੀ
ਚੰਡੀਗੜ੍ਹ, 9 ਮਾਰਚ 2021 - ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਕੌਮੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਸਰਕਾਰ ਦੇ ਨਵੇਂ ਸਾਲਾਨਾ ਬਜਟ ਨੂੰ ਪੂਰੀ ਤਰ੍ਹਾਂ ਲੋਕ–ਪੱਖੀ, ਵਿਕਾਸਮੁਖੀ ਅਤੇ ਰਾਜ ਦੇ ਹਰੇਕ ਖੇਤਰ ਨੂੰ ਆਪਣੇ ਕਲਾਵੇ ’ਚ ਲੈ ਕੇ ਅੱਗੇ ਵਧਾਉਣ ਵਾਲਾ ਦੱਸਿਆ ਹੈ। ਅੱਜ ਇੱਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਚਾਰ ਵਰ੍ਹੇ ਮੁਕੰਮਲ ਹੋ ਚੁੱਕੇ ਹਨ ਤੇ ਕਾਫ਼ੀ ਵਾਅਦੇ ਇਸ ਸਰਕਾਰ ਨੇ ਪੂਰੇ ਕਰ ਦਿੱਤੇ ਹਨ ਤੇ ਬਾਕੀ ਰਹਿੰਦੇ ਵਾਅਦੇ ਵੀ ਆਉਂਦੇ ਇੱਕ ਸਾਲ ਦੌਰਾਨ ਪੂਰੇ ਕਰਨ ਦੀ ਆਸ ਹੈ।
ਬਡਹੇੜੀ ਨੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਦਿਲਜੀਤ ਸਿੰਘ ਦੋਸਾਂਝ, ਤਾਪਸੀ ਜਿਹੇ ਜਿਹੜੇ ਵੀ ਫ਼ਿਲਮ ਅਦਾਕਾਰ ਤੇ ਸੁਖਪਾਲ ਸਿੰਘ ਖਹਿਰਾ ਜਿਹੇ ਆਗੂ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਸਟੈਂਡ ਲੈਂਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਨੁਕਤਾਚੀਨੀ ਕਰਦੇ ਹਨ, ਤਾਂ ਉਨ੍ਹਾਂ ਉੱਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਟੈਕਸ ਵਿਭਾਗ ਜਾਂ ਸੀਬੀਆਈ ਦੇ ਛਾਪੇ ਪੁਆ ਦਿੱਤੇ ਜਾਂਦੇ ਹਨ। ਇੰਝ ਕੇਂਦਰੀ ਜਾਂਚ ਏਜੰਸੀਆਂ ਤੇ ਵਿਭਾਗਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ।
ਬਡਹੇੜੀ ਨੇ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ‘ਆਮ ਆਦਮੀ ਪਾਰਟੀ’ ਦੇ ਆਗੂ ਦੀ ਭੂਮਿਕਾ ਬਹੁਤ ਵਧੀਆ ਨਿਭਾ ਰਹੇ ਸਨ ਤੇ ਸਹੀ ਮੁੱਦੇ ਚੁੱਕ ਰਹੇ ਸਨ ਪਰ ਅਰਵਿੰਦ ਕੇਜਰੀਵਾਲ ਨੂੰ ਕਿਉਂਕਿ ਸਿਰਫ਼ ਕੋਈ ਕਠਪੁਤਲੀ ਆਗੂ ਚਾਹੀਦਾ ਹੁੰਦਾ ਹੈ, ਜੋ ਸਿਰਫ਼ ‘ਹਾਂ ਵਿੱਚ ਹਾਂ’ ਮਿਲਾਉਂਦਾ ਰਹੇ, ਇਸੇ ਲਈ ਖਹਿਰਾ ਨੂੰ ਉਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਸ. ਬਡਹੇੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਦੇ ਕੋਈ ਭੂਮਿਕਾ ਨਹੀਂ ਰਹੀ। ਉਹ ਸਿਰਫ਼ ਦੂਸ਼ਣਬਾਜ਼ੀਆਂ ਦੀ ਰਾਜਨੀਤੀ ਕਰਦੀ ਹੈ।
ਰਾਜਿੰਦਰ ਸਿੰਘ ਬਡਹੇੜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਬਾਦਲਾਂ ਨੇ ਕਦੇ ਵੀ ਕਿਸਾਨਾਂ ਦਾ ਇੱਕ ਪੈਸੇ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਪਰ ਹੁਣ ਸੁਖਬੀਰ ਬਾਦਲ ਵੱਲੋਂ ਮੌਜੂਦਾ ਲੋਕ–ਪੱਖੀ ਸਰਕਾਰ ਦੀ ਬਿਨਾ ਵਜ੍ਹਾ ਬੇਬੁਨਿਆਦ ਆਲੋਚਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਨਹੀਂ ਰਹੀ, ਤਾਂ ਸੁਖਬੀਰ ਬਾਦਲ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਬਡਹੇੜੀ ਨੇ ਇਹ ਵੀ ਕਿਹਾ ਕਿ ਭਾਜਪਾ ਦਾ ਤਾਂ ਪਹਿਲਾਂ ਵੀ ਪੰਜਾਬ ’ਚ ਕੋਈ ਆਧਾਰ ਨਹੀਂ ਸੀ ਤੇ ਹੁਣ ਉਸ ਦੀ ਕੇਂਦਰ ਸਰਕਾਰ ਨੇ ਕਿਸਾਨ–ਵਿਰੋਧੀ ਸਟੈਂਡ ਲੈ ਕੇ ਸੂਬੇ ’ਚੋਂ ਖ਼ੁਦ ਨੂੰ ਪੂਰੀ ਤਰ੍ਹਾਂ ਖ਼ਤਮ ਹੀ ਕਰ ਲਿਆ ਹੈ। ਹੁਣ ਇਹ ਪਾਰਟੀ ਪੱਛਮੀ ਬੰਗਾਲ ’ਚ ਸਰਕਾਰ ਬਣਾਉਣ ਦੇ ਸੁਫ਼ਨੇ ਵੇਖ ਰਹੀ ਹੈ ਪਰ ਉੱਥੋਂ ਦੀ ਸੂਝਵਾਨ ਜਨਤਾ ਅਜਿਹੇ ਕਦੇ ਨਹੀਂ ਹੋਣ ਦੇਵੇਗੀ।