ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 9 ਮਾਰਚ -2021 - ਪਿੰਡ ਬੂੜਾ ਗੁੱਜਰ ਵਿਖੇ ਦਲਿਤ ਵਰਗ ਦੀ ਨਾਬਾਲਗ ਲੜਕੀ ਨੂੰ ਉਚ ਜਾਤੀ ਦੇ ਲੜਕੇ ਵੱਲੋਂ ਭਜਾਉਣ ਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਖੇਤ ਮਜ਼ਦੂਰ ਯੂਨੀਅਨ ਨੇ ਡੀਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਪਿੰਡ ਬੂੜਾ ਗੁੱਜਰ ਵਿਖੇ 9 ਮਾਰਚ ਨੂੰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ, ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਇੱਕ ਜਨਰਲ ਵਰਗ ਦਾ ਲੜਕਾ ਬਲਦੇਵ ਸਿੰਘ ਜੋ ਕਿ ਪਿੰਡ ਹੌਂਦਾ ਜ਼ਿਲਾ ਫਾਜ਼ਿਲਕਾ ਨਾਲ ਸਬੰਧ ਰੱਖਦਾ ਹੈ। ਉਹ ਆਪਣੀ ਮਾਸੀ ਕੋਲ ਰਹਿੰਦਾ ਸੀ ਅਤੇ ਇਥੇ ਹੀ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ।
ਬੀਤੀ ਰਾਤ ਨੂੰ ਉਹ ਪਿੰਡ ਦੇ ਹੀ ਇੱਕ ਮਜ਼ਦੂਰ ਦੀ 16 ਸਾਲਾਂ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਹੈ। ਸ਼ਿਕਾਇਤ ਤੋਂ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਯੂਨੀਅਨ ਨੇ ਦਖਲ ਦਿੱਤਾ ਤਾਂ ਪੁਲਸ ਨੇ ਪਰਚਾ ਤਾਂ ਦਰਜ਼ ਕਰ ਲਿਆ ਪਰ ਉਸਤੋਂ ਬਾਅਦ ਫਿਰ ਤੋਂ ਮਾਮਲਾ ਠੱਪ ਦਿੱਤਾ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਹਮੇਸ਼ਾ ਹੀ ਇਨਸਾਫ਼ ਮੰਗਣ ਵਾਲਿਆਂ ਨੂੰ ਖੱਜਲ ਖੁਆਰ ਕਰਦਾ ਹੈ। ਉਨਾਂ ਕਿਾ ਕਿ ਜੇਕਰ ਜਲਦ ਹੀ ਪੁਲਸ ਨੇ ਇਸ ਸਬੰਧ ਵਿਚ ਉਚਿਤ ਕਾਰਵਾਈ ਨਾ ਕੀਤੀ ਤਾਂ ਉਹ 12 ਮਾਰਚ ਨੂੰ ਡੀਐਸਪੀ ਦਫ਼ਤਰ ਦਾ ਘਿਰਾਓ ਕਰਨਗੇ। ਜਿਸ ਦੀ ਜਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰ ਮੌਜੂਦ ਸਨ।