ਹਰੀਸ਼ ਕਾਲੜਾ
- ਸੈਲਾਨੀਆਂ ਲਈ ਹੋਲੇ ਮੁਹੱਲੇ ਦੌਰਾਨ ਖੁੱਲਾ ਰਹੇਗਾ ਵਿਰਾਸਤ-ਏ-ਖਾਲਸਾ
- ਸੰਗਤਾਂ ਨੂੰ ਮਾਸਕ ਪਾਉਣ, ਆਪਸੀ ਵਿੱਥ ਰੱਖਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ
ਸ੍ਰੀ ਅਨੰਦਪੁਰ ਸਾਹਿਬ 09 ਮਾਰਚ 2021:ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ ਨੇ ਕਿਹਾ ਹੈ ਕਿ ਹੋਲੇ ਮੁਹੱਲੇ ਦੋਰਾਨ ਕੋਵਿਡ ਦੀਆ ਗਾਈਲਾਈਨਜ਼ ਦੀ ਪਾਲਣਾ ਕਰਦੇ ਹੋਏ ਪੁਖਤਾ ਪ੍ਰਬੰਧਾਂ ਹੇਠ ਹੋਲੇ ਮੁਹੱਲੇ ਦਾ ਤਿਉਹਾਰ ਮਨਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੀ ਸਿਹਤ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਵਿਸੇਸ਼ ਇੰਤਜਾਮ ਕੀਤੇ ਜਾਣਗੇ। ਜਿਸ ਦੇ ਲਈ ਲੋਕਾਂ ਦਾ ਸਹਿਯੋਗ ਵੀ ਬੇਹੱਦ ਜਰੂਰੀ ਹੈ।
ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੇ ਪ੍ਰਬੰਧਾਂ ਸਬੰਧੀ ਇੱਕ ਵਿਸੇਸ਼ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਹੋਲੇ ਮੁਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 24 ਤੋ 26 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 27 ਤੋ 29 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸੰਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਹੋਲੇ ਮੁਹੱਲੇ ਦੋਰਾਨ ਵਿਸੇਸ਼ ਇੰਤਜਾਮ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਮੇਲਾ ਖੇਤਰ ਨੂੰ 11 ਸੈਕਟਰਾਂ ਵਿਚ ਵੰਡਿਆ ਜਾਵੇਗਾ। ਹਰ ਸੈਕਟਰ ਵਿਚ ਅਧਿਕਾਰੀ ਤੈਨਾਤ ਹੋਣਗੇ ਅਤੇ ਇੱਕ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ। ਜਿੱਥੇ 24 ਘੰਟੇ ਮੈਡੀਕਲ ਟੀਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆਂ ਕਿ ਮੋਬਾਇਲ, ਕੋਵਿਡ ਟੈਸਟਿੰਗ ਟੀਮਾਂ ਵਲੋ ਹੋਟਲਾਂ ਅਤੇ ਟੈਂਟ ਸਿਟੀ ਵਿਚ ਠਹਿਰੇ ਲੋਕਾਂ ਦੇ ਆਰ.ਟੀ.ਪੀ.ਸੀ.ਆਰ ਕੋਵਿਡ ਟੈਸਟ ਕੀਤੇ ਜਾਣਗੇ ਤਾਂ ਜੋ ਸੰਕਰਮਣ ਨੂੰ ਫੈਲਣ ਤੋ ਰੋਕਿਆ ਜਾਵੇ।ਕੋਈ ਵੀ ਕਰੋਨਾ ਪਾਜੀਟਿਵ ਜਾਂ ਇਨ੍ਹਾਂ ਲੱਛਣਾ ਵਾਲਾ ਵਿਅਕਤੀ ਮੇਲਾ ਖੇਤਰ ਵਿਚ ਦਾਖਲ ਹੋ ਕੇ ਹੋਰ ਲੋਕਾਂ ਨੂੰ ਪ੍ਰਭਾਵਿਤ ਨਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕਿਸੇ ਤਰਾਂ ਦੀ ਵੀ ਅਜਿਹੀ ਸ਼ਿਕਾਇਤ ਹੋਵੇ ਜਿਸ ਤੋ ਕਰੋਨਾ ਦੇ ਸੰਕੇਤ ਨਜ਼ਰ ਆਉਣ ਉਹ ਹੋਲੇ ਮੁਹੱਲੇ ਦੌਰਾਨ ਭੀੜ ਭਾੜ ਵਾਲੇ ਖੇਤਰ ਵਿਚ ਨਾ ਦਾਖਲ ਹੋਣ।ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਐਸ.ਜੀ.ਪੀ.ਸੀ ਵਲੋਂ ਵੀ ਸਹਿਯੋਗ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਹੋਲੇ ਮੁਹੱਲੇ ਤੋਂ ਤੁਰੰਤ ਬਾਅਦ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵੀ ਸ੍ਰੀ ਅਨੰਦਪੁਰ ਸਾਹਿਬ ਵਿਚ ਹੋ ਰਹੇ ਹਨ। ਜਿਸ ਦੇ ਲਈ ਪ੍ਰਸਾਸ਼ਨ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਬਲ ਡੈਕਰ ਟਰਾਲੀਆਂ ਵਿਚ ਹੋਲੇ ਮੁਹੱਲੇ ਵਿਚ ਨਾ ਆਉਣ, ਇਸ ਨਾਲ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਸੰਗਤਾਂ ਦੀ ਸਹੂਲਤ ਲਈ ਸਟਲ ਬੱਸ ਸਰਵਿਸ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਪੀਣ ਵਾਲਾ ਕਲੋਰੀਨੇਸ਼ਨ ਵਾਲਾ ਪਾਣੀ ਅਤੇ ਪਖਾਨੇ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ।
ਮੇਲਾ ਖੇਤਰ ਵਿਚ ਨਿਰਵਿਘਨ ਬਿਜਲੀ ਸਪਲਾਈ, ਪਾਰਕਿੰਗ ਅਤੇ ਸੜਕਾਂ ਉਤੇ ਰੋਸ਼ਨੀ ਦੇ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਮੇਲਾ ਖੇਤਰ ਵਿਚ ਸਫਾਈ, ਪਾਣੀ ਦਾ ਛਿੜਕਾਓ ਅਤੇ ਫੋਗਿੰਗ ਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਦੀ ਇੱਕ ਪ੍ਰਦਰਸ਼ਨੀ 27 ਤੋ 29 ਮਾਰਚ ਤੱਕ ਵਿਰਾਸਤ-ਏ-ਖਾਲਸਾ ਵਿਚ ਲਗਾਈ ਜਾਵੇਗੀ। ਸੈਲਾਨੀਆਂ ਲਈ ਵਿਰਾਸਤ-ਏ-ਖਾਲਸਾ ਸਵੇਰੇ 8 ਤੋ ਸ਼ਾਮ 8 ਵਜੇ ਤੱਕ ਖੋਲਿਆ ਜਾਵੇਗਾ, ਜਿੱਥੇ ਸਿਹਤ ਵਿਭਾਗ ਦੀਆਂ ਸਾਰੀਆਂ ਗਾਈਲਾਈਨਜ਼ ਦੀ ਪਾਲਣਾ ਯਕੀਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਆਉਣ ਵਾਲੀਆਂ ਸੰਗਤਾਂ ਨੂੰ 100 ਪ੍ਰਤੀਸ਼ਤ ਮਾਸਕ ਪਾਉਣਾ ਲਾਜਮੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਪਸ਼ੂ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ ਜ਼ੋ 24 ਘੰਟੇ ਕੰਮ ਕਰੇਗੀ। ਕੰਟਰੋਲ ਰੂਮ 24 ਘੰਟੇ
ਕਾਰਜਸ਼ੀਲ ਹੋਣਗੇ।ਮੇਲੇ ਖੇਤਰ ਵਿਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 400 ਸਾਲਾ ਪ੍ਰਕਾਸ਼ ਪੁਰਬ ਮੋਕੇ ਹੋਣ ਵਾਲੇ ਸਮਾਗਮਾਂ ਲਈ ਵੀ ਤਿਆਰੀਆਂ ਸੁਰੂ ਕਰ ਦਿੱਤੀਆ ਹਨ। ਸਰਕਾਰ ਵਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਕਈ ਵਿਕਾਸ ਕਾਰਜ ਸੁਰੂ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਚ 29 ਅਪ੍ਰੈਲ ਤੋ 1 ਮਈ ਤੱਕ ਮਨਾਏ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ ਵੈਕਸੀਨੇਸ਼ਨ ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੋਰਾਨ ਹਰ ਕਿਸੇ ਨੂੰ ਮਾਸਕ ਪਾਉਣ ਬਾਰੇ ਪ੍ਰੇਰਿਤ ਕੀਤਾ ਜਾਵੇ। ਇਸ ਨਾਲ ਸੰਕਰਮਣ ਫੈਲਣ ਦਾ ਖਤਰਾ ਘੱਟ ਜਾਂਦਾ ਹੈ।
ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਦੀਪ ਸ਼ਿਖਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਦਿਨੇਸ਼ ਵਸ਼ਿਸਟ, ਐਸ.ਪੀ ਕੇਸਰ ਸਿੰਘ, ਮੇਲਾ ਅਫਸਰ ਕਮ ਐਸ.ਡੀ.ਐਮ ਕਨੂੰ ਗਰਗ, ਐਸ.ਡੀ.ਐਮ ਹਰਪ੍ਰੀਤ ਸਿੰਘ ਅਟਵਾਲ, ਸਹਾਇਕ ਕਮਿਸ਼ਨਰ(ਜਨਰਲ) ਇੰਦਰਪਾਲ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਡੀ.ਐਸ.ਪੀ ਚੰਦ ਸਿੰਘ, ਐਕਸੀਅਨ ਹਰਜੀਤਪਾਲ,ਐਕਸੀਅਨ ਭੁਪਿੰਦਰ ਸਿੰਘ ਚਾਨਾ, ਬੀ.ਡੀ.ਪੀ.ਓ ਚੰਦ ਸਿੰਘ, ਈ.ਓ ਜੀ.ਬੀ ਸ਼ਰਮਾ, ਸੂਚਨਾ ਅਫਸਰ ਸੁਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।