ਅਸ਼ੋਕ ਵਰਮਾ
ਮਾਨਸਾ,9ਮਾਰਚ2021: ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸ ਪੀ ਐਲ) ਨੇ ਕੌਮਾਂਤਰੀ ਔਰਤ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਜਿਸ ’ਚ ਔਰਤ ਸਰਪੰਚਾਂ ਅਤੇ ਸਮਾਜ ਦੀਆਂ ਹੋਣਹਾਰ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਮੁੱਖ ਮਹਿਮਾਨ ਪੁਲਿਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਸਨ। ਸਮਾਗਮ ’ਚ ਸਿੱਖਿਆ,ਕਾਨੂੰਨ ,ਪੁਲਿਸ ਅਤੇ ਕਾਰਪੋਰੇਟ ਖੇਤਰ ਨਾਲ ਸਬੰਧਤ ਔਰਤਾਂ ਸ਼ਾਮਲ ਹੋਈਆਂ ਜਿੰਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਹਰ ਵਰਗ ਦੀ ਔਰਤ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੀ ਮੁੱਖ ਮਹਿਮਾਨ ਪੁਲਿਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੇ ਸਮਾਗਮ ’ਚ ਸ਼ਾਮਲ ਹੋਣ ਪ੍ਰਤੀ ਮਾਣ ਹੈ।
ਉਨ੍ਹਾਂ ਟੀਐਸਪੀਐਲ ਨੂੰ ਅਜਿਹਾ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਭਵਿੱਖ ’ਚ ਏਦਾਂ ਦੇ ਸਮਾਗਮ ਕਰਵਾਉਂਦੇ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਇਸ ਸਮਾਰੋਹ ਨੂੰ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਚੰਗਾ ਕਦਮ ਕਰਾਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਢਿੱਲੋਂ ਅਤੇ ਐਡਵੋਕੇਟ ਚਾਹਲ ਨੇ ਔਰਤਾਂ ਨੂੰ ਕੰਮ ਵਾਲੀ ਥਾਂ ਅਤੇ ਉਨ੍ਹਾਂ ਦੇ ਵੱਖ ਵੱਖ ਅਧਿਕਾਰਾਂ ਤੋਂ ਜਾਣੂ ਕਰਵਾਇਆ। ਮਾਨਸਾ ਪੁਲਿਸ ਦੀ ਸਬ ਇੰਸਪੈਕਟਰ ਰੇਨੂੰ ਪੋਰਚਾ ਨੇ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਅਤੇ ਸਫਲ ਹੋਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਔਰਤਾਂ ਲਈ ਬਣਾਈ ਹੈਲਪਲਾਈਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਸ਼ਸ਼ਕਤੀਕਰਨ ਲਈ ਖੁਦ ਵੀ ਯਤਨ ਕਰਨੇ ਪੈਣਗੇ।ਟੀਐਸਪੀਐਲ ਦੇ ਚੀਫ ਕਮਰਸ਼ੀਅਲ ਅਫਸਰ ਨੇ ਕਿਹਾ ਕਿ ‘ਇਹ ਸਮਾਗਮ ਇਸ ਗੱਲ ਦਾ ਪ੍ਰਤੀਕ ਹੈ ਕਿ ਔਰਤਾਂ ਹਰ ਖੇਤਰ ਵਿਚ ਪੁਰਸ਼ਾਂ ਦੇ ਕਦਮ ਨਾਲ ਕਦਮ ਨਾਲ ਅੱਗੇ ਵਧ ਰਹੀਆਂ ਹਨ ਅਤੇ ਸਮਾਜ ਨਿਰਮਾਣ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਟੀਐਸਪੀਐਲ ਵੱਲੋਂ ਅਜਿਹੇ ਸਮਾਗਮ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਅੰਤ ’ਚ ਟੀਐਸਪੀਐਲ ਵੱਲੋਂ ਔਰਤਾਂ ਦਾ ਸਨਮਾਨ ਵੀ ਕੀਤਾ ਗਿਆ।