ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 9 ਮਾਰਚ 2021 - ਪਟਿਆਲਾ ਵਿਖੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਪੰਜਾਬ ਅਤੇ ਯੂਟੀ ਮੁਲਾਜਮ ਸੰਘਰਸ਼ ਮੋਰਚੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਦੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਮਿੱਡ ਡੇ ਮੀਲ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਵਿਭਾਗ ਦੇ ਮੁਲਾਜਮਾਂ, ਟੈਕਨੀਕਲ ਕਾਮਿਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਪਵਨ ਕੁਮਾਰ ਨੇ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਵਤੀਰੇ ਅਤੇ ਪਟਿਆਲਾ ਵਿਖੇ ਦੋ ਦਿਨਾਂ ਵਿੱਚ ਮੁਲਾਜਮਾਂ ਅਤੇ ਬੇਰੁਜਗਾਰਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੋਂ ਭੱਜੀ ਹੋਈ ਹੈ। ਮਾਣ ਭੱਤੇ ਵਾਲੇ, ਕੱਚੇ ਅਤੇ ਕੰਟਰੈਕਟ ਵਰਕਰ ਪੱਕੇ ਹੋਣ ਨੂੰ ਉਡੀਕ ਰਹੇ ਹਨ।
ਰੈਗੂਲਰ ਮੁਲਾਜਮ ਪੁਰਾਣੀ ਪੈਨਸਨ ਬਹਾਲ ਕਰਾਉਣ ਦੇ ਨਾਲ-ਨਾਲ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਅਤੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਨੂੰ ਉਡੀਕਦੇ ਉਡੀਕਦੇ ਰਿਟਾਇਰ ਹੋ ਰਹੇ ਹਨ, ਬੇਰੁਜਗਾਰ ਨੌਕਰੀਆਂ ਦੀ ਉਡੀਕ ਵਿੱਚ ਨੌਕਰੀ ਉਮਰ ਦੀ ਹੱਦ ਪਾਰ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਨਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਮੀਟੀ ਬੈਠੀ ਹੈ। ਇਸ ਸਰਕਾਰ ਨੇ ਮੁਲਾਜਮਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਤੇ ਨਾ ਸਿਰਫ ਰੋਕ ਲਾਈ ਹੈ ਸਗੋਂ ਉਨਾਂ ਤੇ ਵਿਕਾਸ ਕਰ ਵਰਗੇ ਨਵੇਂ ਬੋਝ ਪਾਏ ਹਨ। ਇੰਨਾਂ ਮੰਗਾਂ ਲਈ ਸੰਘਰਸ ਕਰ ਰਹੇ ਮੁਲਾਜਮਾਂ ਅਤੇ ਬੇਰੁਜਗਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਡੰਡੇ ਦੇ ਜੋਰ ਨਾਲ ਦਬਾਅ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਹੀ ਮਹਾਂ ਸਿੰਘ ਮਲੋਟ ਰੋਡ ਚੌਂਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਜੀ ਸਿੰਘ, ਰਮਨਜੀਤ ਕੌਰ, ਜਗਸੀਰ ਸਿੰਘ, ਪ੍ਰਮਾਤਮਾ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਜਸਵਿੰਦਰ ਸਿੰਘ ਫੱਤਣਵਾਲਾ ਨੇ ਵੀ ਪੰਜਾਬ ਸਰਕਾਰ ਦੇ ਇਸਾਰੇ ਤੇ ਪੁਲਿਸ ਵੱਲੋਂ ਕੀਤੀ ਗਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਮੁਲਾਜਮ ਮੰਗਾਂ ਪੂਰੀਆਂ ਕਰਨ ਲਈ ਕਿਹਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਝਬੇਲਵਾਲੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਾਜਵਿੰਦਰ ਸਿੰਘ, ਕਰਨਬੀਰ ਸਿੰਘ ਨੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਦੀ ਹਿਮਾਇਤ ਕਰਦਿਆਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।