ਬਲਵਿੰਦਰ ਸਿੰਘ ਧਾਲੀਵਾਲ
- ਡਿਪਟੀ ਕਮਿਸ਼ਨਰ ਵਲੋਂ ਕੋਵਿਡ ਦੀ ਤਾਜਾ ਸਥਿਤੀ ਦਾ ਜਾਇਜ਼ਾ
- ਨਿੱਜੀ ਹਸਪਤਾਲਾਂ ਵਿਚ ਸ਼ੈਸ਼ਨ ਸਾਇਟਾਂ ਵਧਾਉਣ ’ਤੇ ਜ਼ੋਰ
ਸੁਲਤਾਨਪੁਰ ਲੋਧੀ, 9 ਮਾਰਚ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਕਪੂਰਥਲਾ ਜਿਲ੍ਹੇ ਵਿਚ ਕੋਵਿਡ ਦੀ ਤਾਜਾ ਸਥਿਤੀ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਵਧਦੇ ਕੇਸਾਂ ਦੇ ਮੱਦੇਨਜ਼ਰ ਮੈਰਿਜ ਪੈਲੇਸਾਂ ਤੇ ਹੋਰਨਾਂ ਥਾਵਾਂ ਵਿਖੇ ਇਕੱਠ ਵਾਲੇ ਸਮਾਗਮਾਂ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਤੌਰ ਸੁਪਰਵਾਈਜ਼ਰ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇੱਥੇ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਲੋਂ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਏ.ਡੀ.ਸੀ. ਜਨਰਲ ਰਾਹੁਲ ਚਾਬਾ, ਏ.ਡੀ.ਸੀ. ਵਿਕਾਸ ਐਸ ਪੀ ਆਂਗਰਾ, ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨ, ਸਿਹਤ ਵਰਕਰਾਂ ਤੇ ਫਰੰਟਲਾਇਨ ਵਰਕਰਾਂ ਦੇ ਟੀਕਾਕਰਨ ਸਬੰਧੀ ਗੱਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਮੁਹਿੰਮ ਵਿਚ ਤੇਜੀ ਲਿਆਂਦੀ ਜਾਵੇ ਅਤੇ ਨਿੱਜੀ ਹਸਪਤਾਲਾਂ ਵਿਚ ਟੀਕਾਕਰਨ ਵਾਲੀਆਂ ਸ਼ੈਸ਼ਨ ਸਾਇਟ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ।
ਉਨ੍ਹਾਂ ਨਾਲ ਹੀ ਕਿਹਾ ਕਿ ਸੀਨੀਅਰ ਸਿਟੀਜ਼ਨ ਤੇ ਗੰਭੀਰ ਬਿਮਾਰੀਆਂ ਵਾਲੇ ਵਿਅਕਤੀ ਜੋ ਕਿ ਸਭ ਤੋਂ ਵੱਧ ਜੋਖਮ ਵਾਲੀ ਸ਼੍ਰੇਣੀ ਵਿਚ ਹਨ, ਦੀ ਵੈਕਸੀਨੇਸ਼ਨ ਲਈ ਵੱਡੀ ਮੁਹਿੰਮ ਚਲਾਈ ਜਾਵੇ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਵੈਇੱਛਤ ਵੈਕਸੀਨ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਉਹ ਇਸ ਸਬੰਧੀ ਡਾਟਾ ਬੇਸ ਤੁਰੰਤ ਤਿਆਰ ਕਰਕੇ ਸਿਹਤ ਵਿਭਾਗ ਨਾਲ ਸਾਂਝਾ ਕਰਨ।
ਉਨ੍ਹਾਂ ਕਰੋਨਾ ਪਾਜੀਟਿਵ ਕੇਸਾਂ ਦੇ ਸੰਪਰਕ ਤਲਾਸ਼ਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਲ੍ਹਾ ਪੱਧਰ ’ਤੇ ਸਥਾਪਿਤ ਡਾਟਾ ਸੈਲ ਆਪਣੀ ਸਰਗਰਮੀ ਹੋਰ ਵਧਾਏ, ਜਿਸ ਨਾਲ ਕਰੋਨਾ ਨੂੰ ਰੋਕਣ ਵਿਚ ਵੱਡੀ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਵਲੋਂ ਰੋਜ਼ਾਨਾ ਹੋ ਰਹੀ ਸੈਪਲਿੰਗ ਉੱਪਰ ਤਸੱੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਮੀਟਿੰਗ ਦੌਰਾਨ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ.ਡੀ.ਐਮ. ਭੁਲੱਥ ਬਲਬੀਰ ਰਾਜ, ਐਸ.ਡੀ.ਐਮ. ਫਗਵਾੜਾ ਸ਼ਾਇਰੀ ਮਲਹੋਤਰਾ, ਸਿਵਲ ਸਰਜਨ ਡਾ.ਸੀਮਾ , ਡਾ.ਰਾਜੀਵ ਭਗਤ, ਡੀ.ਐਸ.ਪੀਜ਼ ਸੰਦੀਪ ਸਿੰਘ ਮੰਡ, ਸੁਰਿੰਦਰ ਸਿੰਘ, ਸਰਵਣ ਸਿੰਘ, ਸਮੂਹ ਐਸ.ਐਮ.ਓਜ਼, ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।