ਬਲਵਿੰਦਰ ਸਿੰਘ ਧਾਲੀਵਾਲ/ਰਾਜਵੀਰ ਸਿੰਘ
ਸੁਲਤਾਨਪੁਰ ਲੋਧੀ 24 ਮਾਰਚ 2021 - ਪੰਜਾਬ ਦੇ ਲੋਕਾਂ ਦਾ ਸਾਰਾ ਧਿਆਨ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਗਰ ਨਿਗਮ ਦੀਆਂ ਚੋਣਾਂ ਸਮੇਂ ਸਿਰ ਕਰਵਾਈਆਂ ਅਤੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਦੀ ਅਲੋਚਨਾਂ ਵੀ ਝੱਲੀ। ਬਹੁਤੇ ਸ਼ਹਿਰਾਂ ਵਿੱਚ ਗੜਬੜ ਤੇ ਧੱਕੇਸ਼ਾਹੀ ਦੇ ਵੀ ਦੋਸ਼ ਲੱਗੇ। ਇਸ ਦੇ ਬਾਵਜੂਦ ਚੋਣਾਂ ਮੁਕੰਮਲ ਹੋਈਆ ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। ਹੁਣ ਬਿਨਾਂ ਕਿਸੇ ਕਾਰਨ ਅਹੁਦੇਦਾਰਾਂ, ਪ੍ਰਧਾਨਾਂ ਅਤੇ ਚੁਣੇ ਹੋਏ ਮੈਂਬਰਾਂ ਨੂੰ ਸਹੁੰ ਵੀ ਨਹੀਂ ਚੁਕਾਈ ਗਈ। ਹਾਲਕਿ ਚੋਣ ਅਮਲ ਸ਼ੁਰੂ ਕਰਨ ਤੋਂ ਪਹਿਲਾਂ ਔਰਤ, ਐਸ.ਸੀ. ਅਤੇ ਜਰਨਲ ਵਰਗ ਦੀ ਰੁਟੇਸ਼ਨ ਬਣ ਜਾਣੀ ਚਾਹੀਦੀ ਹੈ। ਪ੍ਰੰਤੂ ਸਮਾਂ ਹੋਣ ਦੇ ਬਾਵਜੂਦ ਅਜੇ ਤੱਕ ਰੁਟੇਸ਼ਨ ਤੇ ਧਿਆਨ ਨਹੀਂ ਦਿੱਤਾ ਗਿਆ। ਲੋਕ ਆਪਣੇ ਹਲਕੇ ਦੇ ਵਿਧਾਇਕਾਂ ਦੇ ਘਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਨ। ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕੰਮ ਲਟਕੇ ਹੋਏ ਹਨ ਤੇ ਵਿਕਾਸ ਦੀ ਗਤੀ ਖਲੋਤ ਵਿਚ ਹੈ।
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਪ੍ਰਾਜੈਕਟ ਦੇ ਅਧੀਨ ਐਲਾਨ ਕੀਤਾ ਹੋਇਆ ਹੈ ਇਸ ਕਰਕੇ ਲੋਕ ਨਗਰ ਕੌਂਸਲ ਦੇ ਪ੍ਰਧਾਨ ਦੀ ਰਾਹ ਉਡੀਕ ਰਹੇ ਹਨ। ਇਸਤਰੀ, ਐਸ ਸੀ ਅਤੇ ਜਰਨਲ ਵਰਗ ਦੀ ਰੁਟੇਸ਼ਨ ਦਾ ਨੋਟੀਫਿਕੇਸ਼ਨ ਅਮਲ ਨਾ ਹੁਣ ਕਾਰਨ ਸ਼ਹਿਰ ਦੇ ਲੋਕ ਭੰਬਲਭੂਸੇ ਵਿੱਚ ਪਏ ਹੋਏ ਹਨ। ਸੁਲਤਾਨਪੁਰ ਲੋਧੀ ਨਗਰ ਕੌਂਸਲ ਬੀ ਕਲਾਸ ਵਿੱਚ ਆਉਂਦੀ ਹੈ। ਪੰਜਾਬ ਵਿੱਚ ਬੀ ਕਲਾਸ ਨਗਰ ਕੌਂਸਲਾਂ ਵਿੱਚ ਆਦਮਪੁਰ ਪਹਿਲੇ ਨੰਬਰ ਤੇ ਹੈ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ 42ਵੇਂ ਨੰਬਰ ਤੇ ਹੈ। ਇੱਥੇ ਬੀਤੇ ਕਈ ਦਹਾਕਿਆਂ ਤੋਂ ਕਦੇ ਵੀ ਔਰਤ ਪ੍ਰਧਾਨ ਦੀ ਚੋਣ ਨਹੀਂ ਹੋਈ, ਜੋ ਕਿ ਰਿਜ਼ਰਵੇਸ਼ਨ ਪੌਲੀਸੀ ਨਾਲ ਕੋਝਾ ਮਜ਼ਾਕ ਹੈ। ਆਮ ਤੌਰ ਤੇ ਰੁਟੇਸ਼ਨ ਵਿਚ ਪਹਿਲਾਂ ਸਥਾਨ ਔਰਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਦੂਸਰਾ ਐਸ ਸੀ ਅਤੇ ਤੀਜਾ ਜਨਰਲ ਵਰਗ ਨੂੰ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਚ 13 ਵਾਰਡ ਹਨ ਅਤੇ ਇਸ ਸ਼ਹਿਰ ਦੇ ਲੋਕ ਵੀ ਔਰਤ ਪ੍ਰਧਾਨ ਤੋਂ ਜ਼ਿਆਦਾ ਮਰਦਾਂ ਦੇ ਨਾ ਹੀ ਮੋਹਰੇ ਰੱਖ ਰਹੇ ਹਨ। ਅਕਾਲੀ ਦਲ ਦੇ ਕੇਵਲ 3 ਕੌਂਸਲਰ ਹੀ ਜਿੱਤੇ ਹਨ ਅਤੇ ਕਾਂਗਰਸ ਦੇ 10 ਕੌਂਸਲਰ ਜਿੱਤੇ ਹਨ। ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਪ੍ਰਧਾਨ ਬਣਨ ਲੲੀ ਕੌਂਸਲਰ ਆਪਣੇ ਪ੍ਰਭਾਵ ਤੇ ਕਾਂਗਰਸ ਪਾਰਟੀ ਤੇ ਵਫ਼ਾਦਾਰੀ ਦਿਖਾਉਣ ਲਈ ਪੱਬਾਂ ਭਾਰ ਹਨ। ਸਾਬਕਾ ਪ੍ਰਧਾਨ ਅਸ਼ੋਕ ਮੋਗਲਾ ਸਭ ਤੋਂ ਵੱਧ ਵਾਰ ਜਿੱਤ ਚੁੱਕੇ ਹਨ। ਇਸ ਕਰਕੇ ਆਪਣਾ ਦਾਅਵਾ ਮਜ਼ਬੂਤ ਰੱਖਦੇ ਹਨ। ਸੀਨੀਅਰ ਕੌਂਸਲਰ ਤੇਜਵੰਤ ਸਿੰਘ ਆਪਣੇ ਤਜਰਬੇ ਅਤੇ ਲੰਮੀ ਪਾਰੀ ਖੇਡ ਕਾਰਨ ਮਜਬੂਤ ਦਾਵੇਦਾਰ ਸਮਝੇ ਜਾਂਦੇ ਹਨ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਦੀਪਕ ਧੀਰ ਰਾਜੂ ਆਪਣੇ ਅਸਰ ਰਸੂਖ ਵਾਲੇ ਮੰਡੀ ਦੇ ਆੜ੍ਹਤੀਏ ਹੋਣ ਕਰਕੇ ਉਹ ਵੀ ਵੱਡੇ ਦਾਅਵੇਦਾਰ ਬਣੇ ਹੋਏ ਹਨ। ਇਹ ਸਾਰੇ ਪਾਰਟੀ ਦੇ ਮੁਸ਼ਕਲ ਸਮਿਆਂ ਵਿੱਚ ਵੀ ਵਿਧਾਇਕ ਚੀਮਾ ਨਾਲ ਮੋਢੇ ਨਾਲ ਮੋਢਾ ਨਾਲ ਜੋੜ ਕੇ ਚੱਲਦੇ ਰਹੇ। ਸਮੂਹ ਸ਼ਹਿਰ ਵਾਸੀ ਇਹ ਵੀ ਮੰਗ ਕਰਦੇ ਹਨ ਕਿ ਕੇਵਲ ਇਮਾਨਦਾਰ ਅਤੇ ਸਾਫ ਅਕਸ ਵਾਲਾ ਵਿਅਕਤੀ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕੀਤਾ ਜਾਵੇ। ਊਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਸਾਰੇ ਕੌਂਸਲਰ ਆਪਣੇ ਵੱਲੋਂ ਪੂਰੀ ਜ਼ੋਰ ਅਜ਼ਮਾਈ ਕਰ ਰਹੇ ਹਨ।