ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਮਾਰਚ 2021 - ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਕੋਈ ਵੀ ਦੋਪਹੀਆ ਵਾਹਨ ਚਾਲਕ ਸਾਈਲੈਂਸਰ ਕੱਢ ਕੇ ਅਤੇ ਵਰਜਿਤ ਵੱਡੇ ਹਾਰਨ ਲਗਾਕੇ ਜਾਂ ਕੋਈ ਯੰਤਰ ਲਗਾ ਕੇ ਭਾਰੀ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਆਵਾਜ ਨਹੀਂ ਕਰੇਗਾ। ਇਹ ਹੁਕਮ 24 ਮਾਰਚ 2021 ਤੋਂ 22 ਮਈ 2021 ਤੱਕ ਲਾਗੂ ਰਹਿਣਗੇ।
ਉਨਾਂ ਕਿਹਾ ਕਿ ਕੁਝ ਦੋਪਹੀਆ ਵਾਹਨ ਚਾਲਕਾਂ ਵੱਲੋਂ ਬੁਲੇਟ ਮੋਟਰ ਸਾਈਕਲ ’ਤੇ ਵੱਡੇ ਸਾਈਲੈਂਸਰ, ਬੈਂਡ ਅਤੇ ਵੱਡੇ ਹਾਰਨ ਲਗਾਏ ਜਾਂਦੇ ਹਨ, ਜੋ ਕਿ ਭਾਰੀ ਧਮਾਕੇਦਾਰ ਆਵਾਜ ਕੱਢਦੇ ਹਨ, ਜਿਸ ਨਾਲ ਰਾਹਗੀਰਾਂ, ਸ਼ਹਿਰ ਵਾਸੀਆਂ, ਜਿਨਾਂ ਵਿਚ ਬਜੁਰਗ ਤੇ ਬੱਚੇ ਵੀ ਸ਼ਾਮਿਲ ਹਨ, ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਿਸੇ ਸਮੇਂ ਵੀ ਦੁਰਘਟਨਾ ਹੋਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਨਾਈਲੋਨ ਦੀ ਬਣੀ ਡੋਰ/ਚਾਈਨਾ ਡੋਰ ਅਤੇ ਸਿੰਥੈਟਿਕ ਮਾਂਜਾ ਲੱਗੀ ਡੋਰ ਨੂੰ ਵੇਚਣ, ਖਰੀਦਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 3 ਮਾਰਚ 2021 ਤੋਂ 28 ਮਈ 2021 ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ, ਤੇਜਧਾਰ ਟਕੂਏ, ਕੁਹਾੜੀ, ਬੰਦੂਕ, ਪਿਸਤੌਲ ਅਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ ’ਤੇ ਚੁੱਕਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਦਾਰੇ/ਸੰਸਥਾ ਨੇ ਜਿਲ੍ਹਾ ਕਪੂਰਥਲਾ ਵਿਚ ਜਲੂਸ/ਧਰਨਾ ਦੇਣਾ ਹੋਵੇ ਤਾਂ ਉਸ ਲਈ ਉੱਪ ਮੰਡਲ ਪੱਧਰ ’ਤੇ ਸਥਾਨ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਸਬੰਧਤ ਅਦਾਰਾ/ਸੰਸਥਾ ਧਰਨੇ ਦੀ ਅਗੇਤਰੀ ਸੂਚਨਾ/ਪ੍ਰਵਾਨਗੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਾਪਤ ਕਰੇਗਾ।
ਧਰਨੇ ਲਈ ਜਾਰੀ ਥਾਵਾਂ ਅਨੁਸਾਰ ਉੱਪ ਮੰਡਲ ਕਪੂਰਥਲਾ ਲਈ ਪਾਰਕਿੰਗ ਐਸ.ਸੀ.ਓਜ (ਸੀਡ ਫਾਰਮ,ਅਰਬਨ ਅਸਟੇਟ ਫੇਸ 2,ਬੈਕ ਸਾਈਡ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਉੱਪ ਮੰਡਲ ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਸਥਿਤ ਹਰਗੋਬਿੰਦ ਨਗਰ, ਉੱਪ ਮੰਡਲ ਸੁਲਤਾਨਪੁਰ ਲੋਧੀ ਲਈ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅੰਤਰਯਾਮਤਾ ਵਾਲੇ ਪਾਸੇ ਅਤੇ ਉੱਪ ਮੰਡਲ ਭੁਲੱਥ ਲਈ ਦਾਣਾ ਮੰਡੀ ਨੰਬਰ 1 ਭੁਲੱਥ ਅਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ (ਫਸਲਾਂ ਦੇ ਖਰੀਦ ਸੀਜਨ ਦੌਰਾਨ ਬੱਸ ਸਟੈਂਡ ਭੁਲੱਥ) ਜਲੂਸ/ਧਰਨੇ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਇਹ ਹੁਕਮ 24 ਮਾਰਚ 2021 ਤੋਂ 22 ਮਈ 2021 ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਕਪੂਰਥਲਾ ਵਿਚ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ ਅਕੋਮੋਡੇਸਨ ਵਿਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਦਾ ਪਾਬੰਦ ਹੋਵੇਗਾ ਅਤੇ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅੱਪ ਰੱਖੇਗਾ। ਇਸ ਤੋਂ ਇਲਾਵਾ ਪੇਇੰਗ ਗੈਸਟ ਚਲਾਉਣ ਵਾਲਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਉਸ ਦੇ ਪੀ. ਜੀ ਅਕੋਮੋਡੇਸਨ ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਭਰ ਕੇ ਆਪਣੇ ਨਜਦੀਕੀ ਪੁਲਿਸ ਥਾਣੇ/ਚੌਕੀ ਵਿਚ ਤੁਰੰਤ ਦਰਜ ਕਰਾਉਣ ਦਾ ਪਾਬੰਦ ਹੋਵੇਗਾ, ਜਿਸ ਵਿਚ ਪੇਇੰਗ ਗੈਸਟ ਚਲਾਉਣ ਵਾਲੇ ਮਾਲਕ ਦਾ ਨਾਮ, ਪਤਾ, ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ ਦੇਣਾ ਲਾਜਮੀ ਹੋਵੇਗਾ। ਇਸੇ ਤਰਾਂ ਇਸ ਪ੍ਰੋਫਾਰਮੇ ਵਿਚ ਪੇਇੰਗ ਗੈਸਟ ਦਾ ਨਾਮ, ਮੋਬਾਈਲ ਨੰਬਰ, ਪੜਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਮ, ਪਤਾ ਅਤੇ ਉਥੇ ਪੜਨ/ਕੰਮ ਕਰਨ ਦਾ ਸਬੂਤ, ਕਿਸ ਮਿਤੀ ਤੋਂ ਪੀ. ਜੀ ਵਿਚ ਰਹਿ ਰਿਹਾ ਹੈ, ਪੱਕਾ ਰਿਹਾਇਸੀ ਪਤਾ ਅਤੇ ਉਸ ਦਾ ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ, ਜਿਸ ’ਤੇ ਰਿਹਾਇਸੀ ਪਤਾ ਹੋਵੇ, ਦੇਣਾ ਹੋਵੇਗਾ। ਇਹ ਹੁਕਮ 25 ਮਾਰਚ 2021 ਤੋਂ 25 ਮਈ 2021 ਤੱਕ ਲਾਗੂ ਰਹਿਣਗੇ।