ਬਲਵਿੰਦਰ ਸਿੰਘ ਧਾਲੀਵਾਲ
- ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕੀਤਾ ਸਟਰਾਅਬੇਰੀ ਦੇ ਫਾਰਮ ਦਾ ਵਿਸ਼ੇਸ਼ ਦੌਰਾ
- ਸਾਲ 2012 ਵਿਚ ਸਟਰਾਅਬੇਰੀ ਦੀ ਕਾਸ਼ਤ ਕੀਤੀ ਸੀ ਸ਼ੁਰੂ
ਸੁਲਤਾਨਪੁਰ ਲੋਧੀ, 24 ਮਾਰਚ 2021 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਦੀ ਟੀਮ ਵੱਲੋਂ ਸਵਾਲ ਪਿੰਡ ਦੇ ਸਫਲ ਕਿਸਾਨ ਸੁਖਜਿੰਦਰ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਗਿਆ, ਜਿਸਨੇ ਰਵਾਇਤੀ ਫਸਲੀ ਚੱਕਰ ਨੂੰ ਛੱਡਕੇ ਸਟਰਾਅਬੇਰੀ ਦੀ ਕਾਸ਼ਤ ਨਾਲ ਦੂਜਿਆਂ ਨੂੰ ਵੀ ਰਾਹ ਦਿਖਾਇਆ ਹੈ।
ਖੇਤੀ ਵਿਚ ਕਣਕ- ਝੋਨੇ ਦੇ ਹੰਢਣਸਾਰ ਬਦਲ ਦੀ ਭਾਲ ਅਤੇ ਕੁਝ ਵਿਲੱਖਣ ਕਰਨ ਦੀ ਚਾਹਤ ਨੇ 2012 ਵਿੱਚ ਸੁਖਜਿੰਦਰ ਸਿੰਘ ਨੂੰ ਸਟਰਾਅ ਬੇਰੀ ਦੀ ਕਾਸ਼ਤ ਵੱਲ ਤੋਰਿਆ, ਜਿਸ ਵਿੱਚ ਮੰਡੀਕਰਨ ਨੂੰ ਲੈ ਕੇ ਅਨੇਕਾਂ ਮੁਸ਼ਕਿਲਾ ਦਾ ਸਾਹਮਣਾ ਕਰਦਿਆਂ ਉਸਨੇ ਕਾਮਯਾਬੀ ਹਾਸਿਲ ਕੀਤੀ। ਉਸਨੂੰ ਕਪੂਰਥਲਾ ਜਿਲੇ ਵਿੱਚ ਪਹਿਲੇ ਸਟਰਾਅ ਬੇਰੀ ਕਿਸਾਨ ਹੋਣ ਮਾਣ ਹਾਸਿਲ ਹੈ।
ਉਸਨੇ 5 ਕਨਾਲ ਵਿਚ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ ਜਿਸਨੂੰ ਹੁਣ ਉਹ 130 ਰੁਪਏ ਕਿਲੋ ਤਕ ਵੇਚ ਕੇ ਚੰਗਾ ਮੁਨਾਫਾ ਖੱਟ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਅੱਧੇ ਏਕੜ ਵਿਚ ਅਮਰੂਦ ਦਾ ਬਾਗ ਵੀ ਲਗਾਇਆ ਹੈ, ਜਿਸ ਵਿਚ ਅੰਤਰ ਫਸਲਾਂ ਦੇ ਤੌਰ ’ਤੇ ਗਾਜਰ ਅਤੇ ਪੱਤਾ ਗੋਭੀ ਦੀ ਕਾਸ਼ਤ ਕੀਤੀ ਹੋਏ ਹੈ। ਇਸ ਤੋਂ ਇਲਾਵਾ ਸ਼ਹਿਦ ਅਤੇ ਬੌਬੀ ਖਰਬੂਜ਼ੇ ਦੀ ਖੇਤੀ ਵੀ ਕਰਦਾ ਹੈ।
ਉਸਨੇ ਦੱਸਿਆ ਕਿ ਸਟਰਾਅਬੇਰੀ ਦੀ ਕਾਸ਼ਤ ਵਿਚ ਉਹਨਾ ਦੇ ਪਿਤਾ ਬਲਕਾਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨਾ ਨੂੰ 2016 ਵਿੱਚ ਖੇਤੀ ਲਈ ਸਟੇਟ ਐਵਾਰਡ ਵੀ ਮਿਲਿਆ ।
ਇਸ ਮੌਕੇ ਖੇਤੀਬਾੜੀ ਅਫਸਰ ਜਸਬੀਰ ਸਿੰਘ ਨੇ ਕਿਹਾ ਕਿ ਸੁਖਜਿੰਦਰ ਸਿੰਘ ਨੇ ਛੋਟੀ ਕਿਸਾਨੀ ਲਈ ਮਿਸਾਲ ਕਾਇਮ ਕੀਤੀ ਹੈ। ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਸਟਰਾਅ ਬੇਰੀ ਪਹਾੜੀ ਖੇਤਰਾਂ ਦੀ ਫਸਲ ਹੈ, ਪਰ ਪੰਜਾਬ ਵਿੱਚ ਵੀ ਇਸਦੀ ਕਾਸ਼ਤ ਹੁੰਦੀ ਹੈ।
ਸੁਖਜਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਖੇਤੀਬਾੜੀ ਮਹਿਕਮੇ ਨਾਲ ਜੁੜੇ ਹੋਏ ਹਨ ਅਤੇ ਮਹਿਕਮੇ ਦੀ ਸਲਾਹ ਨਾਲ ਉਹਨਾਂ ਨੇ ਫਾਰਮ ਦਾ ਨਾਮ ‘ਗ੍ਰੀਨ ਗੋਲਡ’ ਰੱਖ ਕੇ ਖੁਦ ਮਾਰਕੀਟਿੰਗ ਕੀਤੀ ਜਿਸ ਕਰਕੇ ਉਹਨਾਂ ਦਾ ਸਾਰਾ ਮਾਲ ਖੇਤ ਤੋਂ ਹੀ ਵਿਕ ਜਾਂਦਾ ਹੈ। ਉਨਾਂ ਸਮੇਂ -ਸਮੇਂ ’ਤੇ ਸਹਾਇਤਾ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰੇਸ਼ਮ ਸਿੰਘ ਫੀਲਡ ਅਫਸਰ (ਰਿਟਾ.) ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਮੌਜੂਦ ਸਨ।