ਮਨਿੰਦਰਜੀਤ ਸਿੱਧੂ
ਜੈਤੋ, 25 ਮਾਰਚ, 2021 - ਜੈਤੋ 25 ਮਾਰਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਹਸਪਤਾਲ ਹੈ ਦੇ ਡਾਕਟਰਾਂ ਵੱਲੋਂ ਸਥਾਨਕ ਲਾਇਨਜ਼ ਕਲੱਬ ਵਿਖੇ ਇੱਕ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡਾ. ਡੀ.ਕੇ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਉਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਲਾਇਨਜ਼ ਕਲੱਬ ਦੇ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਨਰੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਕੀਤਾ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੀ ਸਥਾਪਤੀ ਲਈ ਭਾਜਪਾ ਆਗੂ ਪ੍ਰਦੀਪ ਸਿੰਗਲਾ ਵਿਸ਼ੇਸ਼ ਤੌਰ ‘ਤੇ ਏਮਜ਼ ਦੇ ਡਾਇਰੈਕਟਰ ਪ੍ਰੋ ਡਾ. ਡੀ.ਕੇ. ਸਿੰਘ ਨੂੰ ਮਿਲੇ ਸਨ ਅਤੇ ਉਹਨਾਂ ਨੂੰ ਲਾਇਨਜ਼ ਕਲੱਬ ਵਿਖੇ ਕੈਂਪ ਲਗਾਉਣ ਲਈ ਮਨਾਇਆ ਸੀ।
ਉਹਨਾਂ ਦੱਸਿਆ ਕਿ ਇਹ ਕੈਂਪ 4 ਅਪ੍ਰੈਲ 2021 ਨੂੰ ਗਊਸ਼ਾਲਾ ਰੋਡ ‘ਤੇ ਸਥਿਤ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਯੂਰੋਲੋਜਿਸਟ, ਪੱਥਰੀ ਅਤੇ ਗਠੀਏ ਦੇ ਮਾਹਿਰ ਡਾ. ਕੰਵਲਜੀਤ ਕੌੜਾ ਅਤੇ ਆਰਥੋਪੀਡਿਕ ਸਰਜਰੀ ਅਤੇ ਹੱਡੀਆਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ. ਤਰੁਣ ਗੋਇਲ ਮਰੀਜ਼ਾਂ ਦਾ ਨਿਰੀਖਣ ਕਰਨਗੇ।ਭਾਰਤੀ ਜਨਤਾ ਪਾਰਟੀ ਦੇ ਗਊ ਰੱਖਿਆ ਸੈੱਲ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਦੱਸਿਆ ਕਿ ਲਾਇਨਜ਼ ਕਲੱਬ ਪਿਛਲੇ 25 ਸਾਲਾਂ ਤੋਂ ਪੂਰੀ ਤਰ੍ਹਾਂ ਮਾਨਵਤਾ ਨੂੰ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ।ਲਾਇਨਜ਼ ਆਈ ਕੇਅਰ ਸੈਂਟਰ ਦੇ ਮਾਹਿਰ ਡਾਕਟਰਾਂ ਵੱਲੋਂ ਹਰ ਸਾਲ ਹਜ਼ਾਰਾਂ ਲੋਕਾਂ ਦੇ ਅੱਖਾਂ ਦੇ ਅਪ੍ਰੇਸ਼ਨ ਮੁਫਤ ਕੀਤੇ ਜਾਂਦੇ ਰਹੇ ਹਨ।