ਜੀ ਐਸ ਪੰਨੂ
ਪਟਿਆਲਾ, 1 ਅਪ੍ਰੈਲ 2021 - ਇੰਡੀਅਨ ਮੈਡੀਕਲ ਐਸੋ਼ਸੀਏਸ਼ਨ ਦੀ ਪਟਿਆਲਾ ਇਕਾਈ ਨੇ ਇੱਥੋਂ ਦੇ ਇੱਕ ਡਾਕਟਰ ਨੂੰ ਕਿਸੇ ਮਾੜੇ ਅਨਸਰ ਵੱਲੋਂ ਬਲੈਕਮੇਲ ਕਰਕੇ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੂੰ ਇੱਕ ਪੱਤਰ ਲਿਖਕੇ ਐਸ.ਐਸ.ਪੀ. ਤੇ ਪਟਿਆਲਾ ਪੁਲਿਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।
ਆਈ.ਐਮ.ਏ. ਪਟਿਆਲਾ ਦੇ ਪ੍ਰਧਾਨ ਡਾ. ਨੀਰਜ ਗੋਇਲ, ਆਨਰੇਰੀ ਸਕੱਤਰ ਡਾ. ਨਿਧੀ ਬਾਂਸਲ ਤੇ ਫੁੱਲ ਨਿਊਰੋ ਹਸਪਤਾਲ ਦੇ ਡਾ. ਪੁਨੀਤ ਫੁੱਲ ਵੱਲੋਂ ਲਿਖੇ ਇਸ ਪੱਤਰ 'ਚ ਪਟਿਆਲਾ ਪੁਲਿਸ ਵੱਲੋਂ ਡਾ. ਪੁਨੀਤ ਫੁੱਲ ਨੂੰ ਇੱਕ ਸਤਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਬਲੈਕਮੇਲ ਕਰਨ ਦੇ ਇੱਕ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਆਈ.ਐਮ.ਏ. ਦੇ ਪ੍ਰਧਾਨ ਡਾ. ਗੋਇਲ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ 8 ਮਾਰਚ 2021 ਨੂੰ ਡਾ. ਫੁੱਲ ਨੂੰ ਬਲੈਕਮੇਲ ਕਰਨ ਸਮੇਤ ਹਸਪਤਾਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ, ਜੋਕਿ ਇਕ ਉਦਾਰਣ ਬਣ ਗਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਕਿਸੇ ਵਿਅਕਤੀ ਦੀ ਜਾਨ ਨੂੰ ਬਚਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਪਰੰਤੂ ਜਿੰਦਗੀ ਤੇ ਮੌਤ ਡਾਕਟਰਾਂ ਦੇ ਵੀ ਹੱਥ ਨਹੀਂ ਉਹ ਤਾਂ ਕੇਵਲ ਆਪਣੀ ਜਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਹੀ ਨਿਭਾਅ ਸਕਦੇ ਹਨ।
ਇਸ ਲਈ ਡਾਕਟਰਾਂ ਤੇ ਹਸਪਤਾਲਾਂ ਵਿਰੁੱਧ ਕੂੜ ਪ੍ਰਚਾਰ ਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਈ.ਐਮ.ਏ. ਦੀ ਪਟਿਆਲਾ ਇਕਾਈ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਅਤੇ ਪਟਿਆਲਾ ਪੁਲਿਸ ਦੀ ਬਹੁਤ ਧੰਨਵਾਦੀ ਹੈ ਅਤੇ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਲਈ ਪੁਲਿਸ ਦੀ ਸ਼ਲਾਘਾ ਕਰਦੀ ਹੈ।