ਹਰਜਿੰਦਰ ਸਿੰਘ ਭੱਟੀ
- ਮਾਈਨਿੰਗ ਆਪ੍ਰੇਸ਼ਨਾਂ ਦੀ ਸਿਲਸਿਲੇਵਾਰ ਸਮੀਖਿਆ ਕਰਨ ਦੇ ਆਦੇਸ਼
ਐਸ.ਏ.ਐਸ. ਨਗਰ, 3 ਅਪ੍ਰੈਲ 2021 - ਪੰਜਾਬ ਦੇ ਨਵ-ਨਿਯੁਕਤ ਇਨਫੋਰਸਮੈਂਟ ਡਾਇਰੈਕਟਰ (ਮਾਈਨਿੰਗ) ਸ੍ਰੀ. ਆਰ. ਐਨ ਢੋਕੇ, ਆਈ.ਪੀ.ਐਸ ਨੇ ਅੱਜ ਜ਼ਿਲਾ ਐਸ.ਏ.ਐਸ.ਨਗਰ ਵਿੱਚ ਮਾਈਨਿੰਗ ਕਾਰਜਾਂ ਦੇ ਨਿਯੰਤਰਣ ਅਤੇ ਪ੍ਰਬੰਧਨ ਨਾਲ ਸਬੰਧਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ., ਐਸ.ਐਸ.ਪੀ. ਐਸ.ਏ.ਐਸ. ਨਗਰ, ਡਾ. ਰਵਜੋਤ ਗਰੇਵਾਲ ਐਸ.ਪੀ. (ਦਿਹਾਤੀ) ਐਸ.ਏ.ਐਸ.ਨਗਰ ਅਤੇ ਸ੍ਰੀ ਰੁਪਿੰਦਰ ਸਿੰਘ ਪਾਬਲਾ ਐਕਸੀਅਨ- ਕਮ- ਜਿਲਾ ਮਾਈਨਿੰਗ ਅਫਸਰ, ਐਸ.ਏ.ਐਸ.ਨਗਰ ਹਾਜ਼ਰ ਸਨ। ਮਾਈਨਿੰਗ ਖੇਤਰਾਂ ਨਾਲ ਸਬੰਧਤ ਡੀ.ਐਸ.ਪੀ. ਅਤੇ ਐਸ.ਐਚ.ਓ. ਵੀ ਮੀਟਿੰਗ ਵਿੱਚ ਮੌਜੂਦ ਰਹੇ। ਮੀਟਿੰਗ ਦੌਰਾਨ ਜਿਲੇ ਵਿੱਚ ਮਾਈਨਿੰਗ ਕਾਰਜਾਂ ਨਾਲ ਜੁੜੇ ਵੱਖ- ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਵਿਚਾਰੇ ਗਏ ਮੁੱਦਿਆਂ ਵਿੱਚ ਜਿਲੇ ਭਰ ਵਿੱਚ ਅੰਤਰ-ਰਾਜੀ ਖਣਨ ਕਾਰਜਾਂ ਨੂੰ ਚਲਾਉਣ ਅਤੇ ਉਨਾਂ ਨੂੰ ਸੁਚਾਰੂ ਬਣਾਉਣ ਦੇ ਢੰਗ, ਜਿਲੇ ਵਿੱਚ ਡੀਸਿਲਟਿੰਗ ਆਪਰੇਸ਼ਨਾਂ ਨੂੰ ਲਾਗੂ ਕਰਨ ਦੇ ਤਰੀਕੇ, ਨੋਟੀਫਾਈਡ ਮਾਈਨਿੰਗ, ਡੀਸਿਲਟਿੰਗ ਅਤੇ ਰੇਤ / ਬੱਜਰੀ ਕਰੱਸ਼ਰ ਖੇਤਰਾਂ ਵਿੱਚ ਡਿਸਪਲੇਅ ਬੋਰਡਾਂ ਦੀ ਵਰਤੋਂ ਅਤੇ ਖਨਨ ਦੇ ਸਮੇਂ ਸਬੰਧੀ ਨਿਯਮ ਸ਼ਾਮਲ ਹਨ।
ਇਨਫੋਰਸਮੈਂਟ ਡਾਇਰੈਕਟਰ, ਮਾਈਨਿੰਗ ਨੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਮਾਈਨਿੰਗ ਨਾਲ ਜੁੜੇ ਸਾਰੇ ਕੰਮ ਕਾਨੂੰਨ ਦੁਆਰਾ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਅਨੁਸਾਰ ਹੀ ਕੀਤੇ ਜਾਣੇ ਚਾਹੀਦੇ ਹਨ। ਮਾਈਨਿੰਗ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਦਾ ਨਿਰਧਾਰਤ ਵਿਧੀ ਅਨੁਸਾਰ ਫੌਰੀ ਨਿਪਟਾਰਾ ਕੀਤਾ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ, ਮਾਲੀਆ ਉਤਪਤੀ ਅਤੇ ਇਨਫੋਰਸਮੈਂਟ ਕਾਨੂੰਨਾਂ ਦੇ ਦਾਇਰੇ ਵਿੱਚ ਰਹਿ ਕੇ ਖਨਨ ਕਾਰਜ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਹੀ ਸਰਕਾਰ ਦਾ ਤਰਜੀਹੀ ਉਦੇਸ਼ ਹੈ। ਇਨਾਂ ਕਾਰਜਾਂ ਨੂੰ ਲਾਗੂ ਕਰਨ ਦੀ ਸਮੀਖਿਆ ਸਮੇਂ-ਸਮੇਂ ‘ਤੇ ਕੀਤੀ ਜਾਏਗੀ।