ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ 2021-ਪ੍ਰਸਾਸ਼ਨ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਪ੍ਰਤੀ ਲੰਮੇ ਸਮੇਂ ਤੋਂ ਟਾਲਮਟੋਲ ਕਰ ਰਿਹਾ ਹੈ। ਇਹ ਪ੍ਰਗਟਾਵਾ ਪ੍ਰਤੀਨਿੱਧ ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਜ਼ਿਲਾ ਸਕੱਤਰ ਰਾਮ ਸਵਰਨ ਲੱਖੇਵਾਲੀ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੂੰ ਮਿਲੇ ਵਫਦ ਵਿਚ ਆਗੂਆਂ ਨੇ ਰੋਸ ਜਾਹਿਰ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਲਗਭਗ ਇਕ ਸਾਲ ਪਹਿਲਾਂ ਗੁਰਸੇਵਕ ਸਿੰਘ ਪੰਜਾਬੀ ਮਾਸਟਰ ਦੀ ਡਿਊਟੀ ਬਤੌਰ ਸਿਹਤ ਪ੍ਰੋਟੋਕਾਲ ਅਫਸਰ ਬਰਕੰਦੀ ਅਨਾਜ ਮੰਡੀ ਵਿਚ ਲਗਾਈ ਗਈ ਸੀ, ਜਿਸ ਦੌਰਾਨ ਡਿਊਟੀ ਜਾਂਦੇ ਸਮੇਂ ਕਾਰ ਦੀ ਟੱਕਰ ਵੱਜਣ ਕਾਰਨ ਉਹ ਗੰਭੀਰ ਜ਼ਖਮੀਂ ਹੋ ਗਏ ਸਨ, ਜੱਥੇਬੰਦੀ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਸਿੱਖਿਆ ਦਫਤਰ ਰਾਹੀਂ ਕੇਸ ਭੇਜਣ ਅਤੇ ਡਿਪਟੀ ਕਮਿਸ਼ਨਰ ਨੂੰ ਵਫਦ ਮਿਲਣ ਦੇ ਬਾਵਜੂਦ ਵੀ ਹਾਲੇ ਤੱਕ ਸਬੰਧਿਤ ਅਧਿਆਪਕ ਦੀ ਸਾਰ ਨਹੀਂ ਲਈ ਗਈ। ਇਸੇਂ ਤਰ੍ਹਾਂ ਲੈਕਚਰਾਰ ਗੁਰਮੇਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੀ ਹਾਲੀਆਂ ਚੋਣਾਂ ਦੌਰਾਨ ਮਲੋਟ ਆਖਰੀ ਰਹਿਸਲ ’ਤੇ ਜਾਂਦੇ ਸਮੇਂ ਐਕਸੀਡੈਂਟ ਹੋਣ ਕਾਰਣ ਮੌਤ ਹੋ ਗਈ ਸੀ, ਪ੍ਰੰਤੂ 2 ਤੋਂ 3 ਮਹੀਨੇ ਲੰਘਣ ਬਾਅਦ ਵੀ ਉਸ ਅਧਿਆਪਕ ਦੀ ਕੋਈ ਸਾਰ ਨਹੀਂ ਲਈ, ਜਦੋਂਕਿ ਚੋਣਾਂ ਦੌਰਾਨ ਡਿਊਟੀ ਕਰ ਰਹੇ ਮੁਲਾਜ਼ਮ ਚੋਣ ਕਮਿਸ਼ਨ ਦੇ ਮੁਲਾਜ਼ਮ ਹੁੰਦੇ ਹਨ। ਵਫਦ ਨੇ ਦੋਹਾਂ ਕੇਸਾਂ ਦੀਆਂ ਫਾਈਲਾਂ ਦੁਬਾਰਾ ਜ਼ਿਲਾ ਸਿੱਖਿਆ ਦਫਤਰ ਰਾਹੀਂ ਡਿਪਟੀ ਕਮਿਸ਼ਨਰ ਦਫਤਰ ਭੇਜ ਕੇ ਸਬੰਧਤ ਆਧਿਆਪਕਾਂ ਨੂੰ ਬਣਦੀ ਮੁਆਵਜ਼ਾ ਰਾਸ਼ੀ ਅਤੇ ਬਾਕੀ ਲਾਭ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੱਥੇਬੰਦੀ ਦਾ ਮਾਸ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਨੂੰ ਮਿਲੇਗਾ। ਵਫਦ ਨੇ ਪਿਛਲੇ ਵਿੱਦਿਅਕ ਸਾਲ ਦੀਆਂ ਦੀਆਂ ਏਸੀਆਰ ਪੂਰੀਆਂ ਕਰਾਕੇ ਰਹਿੰਦੇ ਸਕੂਲਾਂ ਨੂੰ ਭੇਜਣ, ਤਨਖਾਹਾਂ ਦਾ ਬਜਟ ਜਾਰੀ ਕਰਨ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨ ਅਤੇ ਦਫਤਰੀ ਕੰਮਕਾਜ ਪਹਿਲ ਦੇ ਅਧਾਰ ’ਤੇ ਪੂਰੇ ਕਰਨ ਦੀ ਮੰਗ ਕੀਤੀ। ਸਿੱਖਿਆ ਅਧਿਕਾਰੀ ਵੱਲੋਂ ਦੋਹਾਂ ਅਧਿਆਪਕਾਂ ਦੇ ਕੇਸ ਤੁਰੰਤ ਜ਼ਿਲਾ ਪ੍ਰਸ਼ਾਸਨ ਨੂੰ ਭੇਜਦਿਆਂ ਬਾਕੀ ਮਸਲਿਆਂ ਦੇ ਸਾਰਥਕ ਹੱਲ ਦਾ ਵਿਸ਼ਵਾਸ਼ ਦੁਆਇਆ। ਇਸ ਮੌਕੇ ਮਨੋਜ ਬੇਦੀ ਜ਼ਿਲਾ ਵਿੱਤ ਸਕੱਤਰ, ਬੂਟਾ ਸਿੰਘ ਵਾਕਫ਼, ਪਰਮਿੰਦਰ ਖੋਖਰ, ਸੁਰਿੰਦਰ ਸੁਖਨਾਂ, ਨੀਰਜ ਬਜਾਜ, ਵਰਿੰਦਰਜੀਤ ਬਿੱਟਾ, ਹਰਬੰਸ ਸੁਖਨਾ ਆਦਿ ਹਾਜ਼ਰ ਸਨ।