← ਪਿਛੇ ਪਰਤੋ
ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ 2021-ਐਮ.ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲੇ ਵਿਚ ਹੜਾਂ ਦੀ ਰੋਕਥਾਮ ਕਰਨ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨਾਂ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋੜੀਂਦੇ ਪ੍ਰਬੰਧ ਕਰਨ ਵਿਚ ਕੋਈ ਕੁਤਾਹੀ ਨਾ ਰਹੇ ਅਤੇ ਬਰਸਾਤਾਂ ਦੀ ਸ਼ਰੂਆਤ ਤੋਂ ਪਹਿਲਾਂ ਸਾਰੇ ਇੰਤਜਾਮ ਪੂਰੇ ਕੀਤੇ ਜਾਣ। ਉਨਾਂ ਪਿੱਛਲੇ 5 ਸਾਲਾਂ ਵਿਚ ਹੜਾਂ ਦੇ ਨੁਕਸਾਨ ਦੇ ਅਧਾਰ ’ਤੇ ਜ਼ਿਲੇ ਦਾ ਮਾਣਚਿੱਤਰ ਬਣਾਉਣ ਲਈ ਵੀ ਕਿਹਾ। ਉਨਾਂ ਨੇ ਕਿਹਾ ਕਿ ਸੇਮ ਨਾਲਿਆਂ ਦੀ ਸਫਾਈ ਦੇ ਕੰਮ ਦੀ ਜਾਂਚ ਸਾਰੇ ਐਸ.ਡੀ.ਐਮ ਵੱਲੋਂ ਕੀਤੀ ਜਾਵੇਗੀ। ਇਸ ਤੋਂ ਬਿਨਾਂ ਉਨਾਂ ਦਿਹਾਤੀ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਪਿੰਡਾਂ ਦੇ ਛੱਪੜਾਂ ਵਿਚ ਪਾਣੀ ਦੀ ਨਿਕਾਸੀ ਕੀਤੀ ਜਾਵੇ। ਇਸੇ ਤਰ੍ਹਾਂ ਪੀਣ ਵਾਲੇ ਪਾਣੀ, ਦਵਾਈਆਂ ਆਦਿ ਦੇ ਪ੍ਰਬੰਧ ਕਰਨ ਲਈ ਵੀ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਬਿਜਲੀ ਨਿਗਮ ਨੂੰ ਢਿੱਲੀਆਂ ਤਾਰਾਂ ਠੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
Total Responses : 267