ਰਾਜਵੰਤ ਸਿੰਘ
ਲੰਬੀ, 6 ਅਪ੍ਰੈਲ 2021-ਲੰਬੀ ਬਲਾਕ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਡਾ. ਹਸਨ ਸਿੰਘ ਬਲਾਕ ਖੇਤੀਬਾੜੀ ਅਫਸਰ ਲੰਬੀ ਵੱਲੋਂ ਕੀਤੀ ਗਈ। ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨ ਵੀਰਾਂ ਨਾਲ ਆਉਣ ਵਾਲੇ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਜਾਈ ਕਰਨ ਸੰਬੰਧੀ ਜ਼ਰੂਰੀ ਜਾਣਕਾਰੀ ਅਤੇ ਨੁਕਤੇ ਸਾਂਝੇ ਕੀਤੇ ਗਏ ਅਤੇ ਆਉਣ ਵਾਲ਼ੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਤਾਂ ਜੋ ਕਿਸਾਨ ਇਸ ਨੂੰ ਸਫਲ ਬਣਾ ਸਕਣ, ਕਿਉਂਕਿ ਕਰੋਨਾ ਦੌਰਾਨ ਝੋਨੇ ਦੀ ਲਵਾਈ ਸਮੇਂ ਲੇਬਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸਾਨਾਂ ਦਾ ਖਰਚ ਵੀ ਘੱਟ ਸਕੇ।
ਡਾ. ਸੁਖਚੈਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਦੇ ਸੈਂਪਲ ਲੈਣ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਕਿਸਾਨਾਂ ਨੂੰ ਮਿੱਟੀ ਦੇ ਸੈਂਪਲ ਲੈਣ ਲਈ ਪ੍ਰੇਰਿਆ ਤਾਂ ਜੋ ਕਿਸਾਨ ਰਿਪੋਟ ਦੇ ਆਧਾਰ ਤੇ ਖਾਦਾਂ ਦੀ ਯੋਗ ਵਰਤੋਂ ਕਰ ਕੇ ਆਪਣਾ ਖ਼ਰਚਾਂ ਘਟਾ ਸਕਣ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਕਰਨ ਲਈ ਵੀ ਪ੍ਰੇਰਿਆ ਤਾਂ ਜੋ ਉਹ ਆਪਣੇ ਪਰਿਵਾਰ ਲਈ ਦਾਲਾਂ ਪੈਦਾ ਕਰ ਸਕਣ ਅਤੇ ਇਸ ਮੌਕੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਵੀ ਜਾਗਰੂਕ ਕੀਤਾ ਗਿਆ। ਡਾ. ਗੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਸੁਚੱਜੀ ਕਾਸ਼ਤ ਕਰਨ ਸੰਬੰਧੀ ਜਾਗਰੂਕ ਕੀਤਾ ਅਤੇ ਨਰਮੇ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਢੰਗ ਤਰੀਕੇ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਵੀ ਕੀਤੀ ਗਈ। ਡਾ. ਹਸਨ ਸਿੰਘ ਵੱਲੋਂ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਹਰ ਸਮੇਂ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹੈ । ਇਸ ਮੌਕੇ ਡਾ. ਸੁਰਿੰਦਰ ਵੈਟਨਰੀ ਅਫਸਰ, ਅਮਰੀਕ ਸਿੰਘ ਏ.ਐੱਸ.ਆਈ, ਸੁਨੀਲ ਕੁਮਾਰ ਏ.ਐੱਸ.ਆਈ ਅਤੇ ਮਨਦੀਪ ਸਿੰਘ ਏ.ਐੱਸ.ਆਈ ਵੀ ਹਾਜ਼ਰ ਸਨ।