ਠੇਕਾ ਕਰਮਚਾਰੀਆਂ ਦੀ ਜਥੇਬੰਦੀ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਨੂੰ ਦੱਸਿਆ ਮੌਤ ਦਾ ਕਾਰਨ
ਰਾਜਵੰਤ ਸਿੰਘ
ਮਲੋਟ, 6 ਅਪ੍ਰੈਲ 2021-ਮਲੋਟ ਵਿਖੇ ਪਾਵਰਕਾਰਮ ਦੇ ਠੇਕੇਦਾਰ ਅਧੀਨ ਕੰਮ ਕਰਦੇ ਕੱਚੇ ਕਰਮਚਾਰੀ ਦੀ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। 27 ਸਾਲ ਮਿ੍ਰਤਕ ਇਕ ਵਿਧਵਾ ਮਾਂ ਦਾ ਪੁੱਤਰ ਸੀ। ਪਰਮਿਟ ਦੇ ਸਮੇਂ ਵਿਚ ਬਿਜਲੀ ਛੱਡ ਦੇਣ ਅਤੇ ਸੁਰੱਖਿਆ ਇੰਤਜਾਮ ਨਾ ਹੋਣ ਕਰਕੇ ਠੇਕਾ ਕਰਮਚਾਰੀਆਂ ਦੀ ਜਥੇਬੰਦੀ ਨੇ ਇਸ ਹਾਦਸੇ ਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਦਾ ਨਤੀਜਾ ਦੱਸਿਆ ਹੈ ਅਤੇ ਯੋਗ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਪਾਵਰਕਾਮ ਅਤੇ ਟਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਚੌਧਰ ਸਿੰਘ ਨੇ ਦੱਸਿਆ ਕਿ ਜਗਵਿੰਦਰ ਸਿੰਘ ਉਰਫ ਜੱਗਾ ਪੁੱਤਰ ਸੁਰਜਨ ਸਿੰਘ ਵਾਸੀ ਡੱਬਵਾਲੀ ਕਲਾਂ ਜ਼ਿਲਾ ਫਾਜ਼ਿਲਕਾ ਮਲੋਟ ਵਿਖੇ ਇਕ ਪਾਵਰਕਾਮ ਦੇ ਠੇਕਾਦਾਰ ਕੋਲ ਕੰਮ ਕਰਦਾ ਸੀ। ਕੱਲ੍ਹ ਉਕਤ ਨੌਜਵਾਨ ਜਦੋਂ ਭਗਵਾਨਪੁਰਾ ਕਰਮਗੜ ਲਾਈਨ ’ਤੇ ਰਿਪੇਅਰ ਕਰ ਰਿਹਾ ਸੀ ਤਾਂ ਗਰਿੱਡ ਤੋਂ ਪਰਮਿਟ ਤੋਂ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਬਿਜਲੀ ਛੱਡ ਦਿੱਤੀ, ਜਿਸ ਕਰਕੇ ਉਕਤ ਨੌਜਵਾਨ ਖੰਬੇ ਤੋਂ ਡਿੱਗ ਪਿਆ ਅਤੇ ਡਿੱਗਣ ਸਾਰ ਉਸਦਾ ਮਨਕਾ ਟੁੱਟ ਗਿਆ। ਜਿਸ ਨੂੰ ਹੋਰ ਕਰਮਚਾਰੀਆਂ ਵੱਲੋਂ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਉਨ੍ਹਾਂ ਇਸ ਹਾਦਸੇ ਲਈ ਸਬੰਧਤ ਜੇਈ ਅਤੇ ਗਰਿੱਡ ਤੋਂ ਬਿਜਲੀ ਛੱਡਣ ਵਾਲਾ ਕਰਮਚਾਰੀ ਪੂਰੀ ਤਰ੍ਹਾਂ ਜਿੰਮੇਵਾਰ ਹੈ, ਜਿੰਨ੍ਹਾਂ ਦੇ ਬਿਨਾ ਆਪਸੀ ਤਾਲਮੇਲ ਦੇ ਇਕ ਨੌਜਵਾਨ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਅਗਰ ਠੇਕੇਦਾਰ ਵੱਲੋਂ ਕਰਮਚਾਰੀ ਨੂੰ ਹੈਲਮੇਟ , ਬੂਟ ਅਤੇ ਸੁਰੱਖਿਆ ਬੈਲਟ ਆਦਿ ਦਿੱਤੀ ਹੁੰਦੀ ਤਾਂ ਉਸਦੀ ਜਾਨ ਨਾ ਜਾਂਦੀ। ਇਸ ਮਾਮਲੇ ’ਤੇ ਠੇਕੇਦਾਰ ਧਿਰ ਸਾਰੀ ਜਿੰਮੇਵਾਰੀ ਜੇਈ ਅਤੇ ਗਰਿੱਡ ਕਰਮਚਾਰੀ ’ਤੇ ਪਾ ਰਹੀ ਹੈ। ਉਧਰ ਵਾਰ-ਵਾਰ ਫੋਨ ਕਰਨ ’ਤੇ ਜੇਈ ਹਰਜਿੰਦਰ ਸਿੰਘ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਸੀ। ਮਿ੍ਰਤਕ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਇਸ ਲਈ ਉਸਦੀ ਮੌਤ ’ਤੇ ਪਰਿਵਾਰ ਲਈ ਨੌਕਰੀ ਅਤੇ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਮਿ੍ਰਤਕ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।