ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 6 ਅਪ੍ਰੈਲ 2021 - ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਗਰੀਬ ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਪੰਜਾਬ ਅਨੁਸੂਚਿਤ ਜਾਤੀਆਂ , ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਘੱਟ ਵਿਆਜ ਤੇ ਕਰਜੇ ਉਪਲਬਧ ਕਰਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।
ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਕਿ ਵਿੱਤੀ ਵਰ੍ਹੇ 2020-21ਦੌਰਾਨ ਬੈਂਕ ਟਾਈ ਅਪ ਸਕੀਮ ਸਕੀਮ ਅਧੀਨ 2000 ਲਾਭਪਾਤਰੀਆਂ ਨੂੰ ਹੁਣ ਤੱਕ 2.00 ਕਰੋੜ ਰੁ: ਦੀ ਸਬਸਿਡੀ ਜਾਰੀ ਕੀਤੀ ਜਾ ਚੁੱਕੀ ਹੈ ਜਿਸ ਨਾਲ ਇਨਾਂ ਲਾਭਪਾਤਰੀਆਂ ਨੂੰ ਬੈਂਕਾਂ ਵਲੋਂ ਲੱਗਭੱਗ 20 ਤੋਂ 22 ਕਰੋੜ ਰੁਪਏ ਦਾ ਕਰਜਾ ਉਪਲੱਬਧ ਹੋ ਜਾਵੇਗਾ। ਇਹ ਲਾਭਪਾਤਰੀ ਸਵੈ ਰੁਜਗਾਰ ਚਲਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦੇ ਸਮਰੱਥ ਹੋ ਸਕਣਗੇ।
ਚੇਅਰਮੈਨ ਨੇ ਦੱਸਿਆ ਕਿ ਪਹਿਲਾਂ ਕਾਰਪੋਰੇਸ਼ਨ ਵਲੋਂ 1.50 ਕਰੋੜ ਰੁ: ਦੀ ਸਬਸਿਡੀ ਜਾਰੀ ਕੀਤੀ ਗਈ ਸੀ ਪਰ ਹੁਣ ਪੰਜਾਬ ਸਰਕਾਰ ਵਲੋਂ 50 ਲੱਖ ਰੁ: ਦੀ ਹੋਰ ਸਬਸਿਡੀ ਜਾਰੀ ਕੀਤੀ ਗਈ ਹੈ ਜਿਸ ਨਾਲ 500 ਹੋਰ ਲਾਭਪਾਤਰੀਆਂ ਨੂੰ ਸਵੈ ਰੁਜਗਾਰ ਚਲਾਉਣ ਲਈ ਬੈਂਕਾਂ ਪਾਸੋਂ ਕਰਜੇ ਉਪਲੱਬਧ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਰਾਜ ਵਿਚ ਕਾਰਪੋਰੇਸ਼ਨ ਦੇ ਸਮੂਹ ਜਿਲਾ ਮੈਨੇਜਰਾਂ ਨੂੰ ਸਬਸਿਡੀ ਦੇ ਚੈਕ ਜਲਦੀ ਤੋਂ ਜਲਦੀ ਤਿਆਰ ਕਰਕੇ ਸਬੰਧਤ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਾਉਣ ਲਈ ਕਿਹਾ ਗਿਆ ਹੈ।