ਨਵੀਂ ਦਿੱਲੀ, 6 ਅਪ੍ਰੈਲ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਅੱਜ ਆਪਣੇ ਚੋਣ ਦਫਤਰਾਂ ਦਾ ਉਦਘਾਟਨ ਕੀਤਾ ਗਿਆ।
ਮਨਜਿੰਦਰ ਸਿੰਘ ਸਿਰਸਾ ਵੱਲੋਂ ਇਥੇ ਪੰਜਾਬੀ ਬਾਗ ਵਿਚ ਆਪਣਾ ਚੋਣ ਦਫਤਰ ਖੋਲਿਆ ਗਿਆ ਹੈ ਜਿਸਦਾ ਰਸਮੀ ਉਦਘਾਟਨ ਸ੍ਰੀ ਜਪੁਜੀ ਸਾਹਬਿ ਜੀ ਦੇ ਪਾਠ ਤੇ ਅਰਦਾਸ ਕਰਨ ਉਪਰੰਤ ਕੀਤਾ ਗਿਆ ਜਦਕਿ ਸ੍ਰੀ ਹਰਮੀਤ ਸਿੰਘ ਕਾਲਕਾ ਦੇ ਚੋਣ ਦਫਤਰ ਦਾ ਉਦਘਾਟਨ ਰਾਮਪੁਰੀ ਨੇੜੇ ਰਵੀਦਾਸ ਮੰਦਿਰ ਗੋਵਿੰਦਪੁਰੀ ਵਿਖੇ ਕੀਤਾ ਗਿਆ। ਸ੍ਰੀ ਸਿਰਸਾ ਵਾਰਡ ਨੰਬਰ 8 ਪੰਜਾਬੀ ਬਾਗ ਅਤੇ ਸ੍ਰੀ ਕਾਲਕਾ ਵਾਰਡ ਨੰਬਰ 39 ਕਾਲਕਾ ਜੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
ਚੋਣ ਦਫਤਰ ਦੇ ਉਦਘਾਟਨ ਮੌਕੇ ਸ੍ਰੀ ਸਿਰਸਾ ਨੇ ਕਿਹਾ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਜੋ ਕੰਮ ਪਿਛਲੇ ਦੋ ਸਾਲਾਂ ਵਿਚ ਹੋਏ ਹਨ, ਉਹਨਾਂ ਨੇ ਸਮੁੱਚੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹਨਾਂ ਕਿਹਾ ਕਿ ਜਿਥੇ ਪਹਿਲੇ ਸ਼ਾਸਕ ਸਰਕਾਰਾਂ ਦੇ ਤਖ਼ਤਾਂ ’ਤੇ ਜਾ ਕੇ ਝੋਲੀਆਂ ਅੱਡਦੇ ਸਨ, ਉਥੇ ਹੀ ਅਸੀਂ ਗੁਰੂ ਦੇ ਤਖ਼ਤ ਅੱਗੇ ਨਤਮਸਤਕ ਹੋਏ ਤੇ ਹਮੇਸ਼ਾ ਫਤਿਹ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੁੰ ਹਰ ਮੁਹਿੰਮ ਵਿਚ ਫਤਿਹ ਮਿਲੀ ਹੈ ਭਾਵੇਂ ਉਹ ਕਿਸਾਨਾਂ ਦੇ ਕੇਸ ਲੜਨ ਦਾ ਮਾਮਲਾ ਹੋਵੇ ਜਾਂ ਫਿਰ ਲੋਕਾਂ ਲਈ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਦਾ ਜਾਂ ਫਿਰ ਗੁਰਦੁਆਰਾ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਦਾ, ਅਸੀਂ ਹਰ ਪਾਸੇ ਮਿਹਨਤ ਨਾਲ ਕੰਮ ਕੀਤਾ ਤੇ ਸਤਿਗੁਰੂ ਦੀ ਬਖਸ਼ਿਸ਼ ਸਦਕਾ ਤੇ ਸੰਗਤ ਦੇ ਆਸ਼ੀਰਵਾਦ ਸਦਕਾ ਹਮੇਸ਼ਾ ਫਤਿਹ ਨਸੀਬ ਹੋਈ ਹੈ।
ਕਾਲਕਾ ਨੇ ਦਫਤਰ ਦੇ ਉਦਘਾਟਨ ਮੌਕੇ ਕਿਹਾ ਕਿ ਅਸੀਂ ਦੋ ਸਾਲਾਂ ਵਿਚ ਜੋ ਕੰਮ ਕੀਤਾ ਹੈ, ਉਸਦੀ ਬਰਾਬਰੀ ਕਮੇਟੀ ਦੇ ਇਤਿਹਾਸ ਵਿਚ ਅੱਜ ਤੱਕ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਇਕ ਵਾਰ ਫਿਰ ਤੋਂ ਸੇਵਾ ਸਾਡੀ ਝੋਲੀ ਪਵੇਗੀ ਤੇ ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ।
ਵਿਰੋਧੀਆਂ ’ਤੇ ਤੰਜ ਕੱਸਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਸਿਆਸੀ ਚੋਣਾਂ ਨਹੀਂ ਲੜਾਂਗੇ, ਉਹ ਆਪਣੇ ਖਿਲਾਫ ਦਰਜ ਹੋਏ ਗੋਲਕ ਚੋਰੀ ਦੇ ਕੇਸ ਖਾਰਜ ਕਰਵਾਉਣ ਲਈ ਅੱਜ ਭਾਜਪਾ ਨਾਲ ਸਾਂਝ ਪਾ ਕੇ ਉਸਦੇ ਆਗੂਆਂ ਨੁੰ ਆਪਣੀ ਪਾਰਟੀ ਦੇ ਚੋਣ ਨਿਸ਼ਾਨਾਂ ’ਤੇ ਚੋਣਾਂ ਲੜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਚਾਲਾਕੀਆਂ ਤੋਂ ਸੰਗਤ ਭਲੀ ਭਾਂਤ ਜਾਣੂ ਹੈ ਤੇ ਇਸਦਾ ਜਵਾਬ 25 ਅਪ੍ਰੈਲ ਨੂੰ ਦੇਵੇਗੀ।