ਜਗਦੀਸ਼ ਥਿੰਦ
ਨਵੀਂ ਦਿੱਲੀ 7 ਅਪਰੈਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਸਬੰਧਤ ਪਾਸ ਕੀਤੇ ਤਿੱਨ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰ ਤੇ ਕਿਸਾਨ ਡਟੇ ਹੋਏ ਹਨ ।
ਜਿੱਤ ਦਾ ਜਜ਼ਬਾ ਲੈ ਕੇ ਪਰਿਵਾਰ ਸਮੇਤ ਬੈਠਿਆ ਕਿਸਾਨ ਗੁਰਚਰਨ ਸਿੰਘ ਵਿਚਾਰ ਪੇਸ਼ ਕਰਨ ਮੌਕੇ । ਤਸਵੀਰ : ਜਗਦੀਸ਼ ਥਿੰਦ
------------------------------------------------------------
ਮੋਰਚੇ ਤੇ ਡਟੇ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਜਮਾਲਗੜ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਰਣਜੀਤ ਸਿੰਘ ਵੱਲੋਂ ਪਰਿਵਾਰ ਸਮੇਤ ਲਗਾਤਾਰ ਹਾਜਰੀ ਭਰੀ ਜਾ ਰਹੀ ਹੈ ।
ਇਸ ਕਿਸਾਨ ਨੇ ਭਰੇ ਮਨ ਨਾਲ ਕਿਹਾ ਜੇ ਅੱਜ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਦਰਦ ਦਿਖਾਈ ਨਹੀਂ ਦਿੰਦਾ ਹਾਲਾਂਕਿ 300 ਤੋਂ ਜਿਆਦਾ ਕਿਸਾਨ ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ ।
ਗੁਰਚਰਨ ਸਿੰਘ ਨੇ ਕਿਹਾ ਕਿ ਆਰ ਐਸ ਐਸ ਦੇ ਏਜੰਡੇ ਅਨੁਸਾਰ ਮੋਦੀ ਸਰਕਾਰ ਕੰਮ ਕਰ ਰਹੀ ਹੈ ਇਸ ਤਹਿਤ ਭਾਰਤ ਨੂੰ ਹਿੰਦੂਵਾਦੀ ਰਾਸ਼ਟਰ ਕਰਾਰ ਦੇਣ ਤੋਂ ਇਲਾਵਾ ਕਿਸਾਨਾਂ ਹੱਥੋਂ ਵਾਹੀਯੋਗ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹੱਥ ਸੌਂਪਣ ਦੀ ਕੋਝੀ ਸਾਜ਼ਿਸ਼ ਅਧੀਨ ਇਹ ਕਾਨੂੰਨ ਪਾਸ ਕੀਤੇ ਗਏ ਹਨ ।
ਕਿਸਾਨ ਗੁਰਚਰਨ ਸਿੰਘ ਆਪਣੀ ਪਤਨੀ ਜਸਬੀਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਡਟੇ ਹੋਏ ਹਨ । ਉਨ੍ਹਾਂ ਕਿਹਾ ਕਿ ਜਦ ਤਕ ਸਾਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਤਦ ਤਕ ਉਹ ਇਸ ਮੋਰਚੇ ਤੇ ਡਟੇ ਰਹਿਣਗੇ ।
ਇਸ ਬਜ਼ੁਰਗ ਕਿਸਾਨ ਅਤੇ ਇਸ ਦੇ ਸਾਥੀਆਂ ਨੇ ਕਿਹਾ ਕਿ ਪਾਸ ਕੀਤੇ ਗਏ ਕਾਨੂੰਨਾਂ ਦੇ ਨਾਲ ਇਕੱਲਾ ਕਿਸਾਨ ਵਰਗ ਹੀ ਨਹੀਂ ਪ੍ਰਭਾਵਤ ਹੋਵੇਗਾ ਸਗੋਂ ਆੜ੍ਹਤੀ, ਮਜ਼ਦੂਰ , ਦੁਕਾਨਦਾਰ ਅਤੇ ਹਰ ਵਰਗ ਪ੍ਰਭਾਵਿਤ ਹੋਵੇਗਾ ।
ਕਿਸਾਨ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਹਰਿਆਣਾ ਪੰਜਾਬ ਦੇ ਕਿਸਾਨਾਂ ਨੂੰ ਲੜਾਉਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ , ਪਰ ਉਹ ਕਿਸਾਨੀ ਦੇ ਜਜ਼ਬੇ ਨਾਲ ਭਰਪੂਰ ਕਿਸਾਨਾਂ ਵਿੱਚ ਫੁੱਟ ਪਾਉਣ ਤੋਂ ਕਾਮਯਾਬ ਨਹੀਂ ਹੋ ਸਕੇ ।
ਉਨ੍ਹਾਂ ਕਿਹਾ ਕਿ ਅੱਜ ਜਾਤੀਵਾਦ ਤੋਂ ਉਪਰ ਉਠ ਕੇ ਹਿੰਦੂ , ਮੁਸਲਿਮ , ਸਿੱਖ ਅਤੇ ਹੋਰ ਵਰਗਾਂ ਦੇ ਲੋਕ ਮਿਲ ਕੇ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਚੁੱਕੇ ਹਨ ।
ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਦੁਨੀਆਂ ਭਰ ਦੀਆਂ ਨਜ਼ਰਾਂ ਵਿਚ ਸਿਖਰ ਵੱਲ ਜਾ ਰਿਹਾ ਹੈ ।