ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 07 ਅਪ੍ਰੈਲ 2021 - ਕੈਲੀਫੋਰਨੀਆ ਵਿੱਚ ਚੱਟਾਨ ਤੋਂ ਇੱਕ ਕਾਰ ਦੇ ਖਾਈ ਵਿੱਚ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪੀੜਤਾਂ ਦੀ ਐਸ ਯੂ ਵੀ ਤਕਰੀਬਨ 100 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ । ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਡੇਵਿਡ ਡੀਰੁੱਟ ਨੇ ਕਿਹਾ ਕਿ 64 ਸਾਲਾ ਮਾਰੀਆ ਟੇਕਸੀਰਾ ਨਾਲ ਇਹ ਹਾਦਸਾ ਸਾਨ ਫ੍ਰਾਂਸਿਸਕੋ ਤੋਂ ਲੱਗਭਗ 70 ਮੀਲ ਉੱਤਰ ਵੱਲ, ਬੋਡੇਗਾ ਬੇ ਵਿੱਚ ਇੱਕ ਪਾਰਕਿੰਗ ਵਾਲੀ ਥਾਂ ਤੇ ਬੈਰੀਅਰ ਨੂੰ ਟੱਕਰ ਮਾਰਨ ਤੋਂ ਬਾਅਦ ਵਾਪਰਿਆ। ਅਧਿਕਾਰੀਆਂ ਅਨੁਸਾਰ ਇਹ ਅਜੇ ਅਸ਼ਪੱਸਟ ਹੈ ਕਿ ਪਾਰਕਿੰਗ ਦੇ ਬਾਵਜੂਦ ਮਹਿਲਾ ਨਾਲ ਇਹ ਹਾਦਸਾ ਕਿਵੇਂ ਵਾਪਰਿਆ।
ਸ਼ਨੀਵਾਰ ਸਵੇਰੇ 11:00 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿੱਚ ਟੇਕਸੀਰਾ ਦੀ ਧੀ, ਐਲਿਜ਼ਾਬੈਥ ਕੋਰਰੀਆ (41 ) ਦੀ ਯਾਤਰੀ ਵਜੋਂ ਸ਼ਨਾਖਤ ਹੋਈ ਹੈ। ਡੀਰੁੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੋਯੋਟਾ ਐਸ ਯੂ ਵੀ ਪਾਰਕਿੰਗ ਵਾਲੀ ਜਗ੍ਹਾ ਦੇ ਬੱਜਰੀ ਵਾਲੇ ਸਥਾਨ ਵਿੱਚ ਦਾਖਲ ਹੋਈ ਸੀ ਅਤੇ ਸਧਾਰਣ ਰਫਤਾਰ ਨਾਲ ਚਲ ਰਹੀ ਸੀ। ਇਸ ਦੌਰਾਨ ਇਹ ਚੱਟਾਨ ਵੱਲ ਗਈ ਅਤੇ ਰੁਕੀ ਨਹੀ।
ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਹੈ, ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਤਾ ਚੱਲੇਗਾ ਕਿ ਟੇਕਸੀਰਾ ਹਾਦਸੇ ਦੇ ਸਮੇਂ ਡਾਕਟਰੀ ਸਥਿਤੀ ਦਾ ਸਾਹਮਣਾ ਕਰ ਰਹੀ ਸੀ ਜਾਂ ਨਹੀਂ। ਇਹ ਦੋਵੇਂ ਮਾਂ ਅਤੇ ਧੀ ਸਾਨ ਫਰਾਂਸਿਸਕੋ ਬੇ-ਏਰੀਆ ਦੇ ਉਪਨਗਰ ਪਲੀਜੈਂਟਨ ਨਾਲ ਸੰਬੰਧਿਤ ਸਨ ਅਤੇ ਦੋਵੇਂ ਖੇਤਰ ਦੇ ਐਲੀਮੈਂਟਰੀ ਸਕੂਲ ਵਿੱਚ ਕੰਮ ਕਰਦੀਆਂ ਸਨ। ਕੋਰਰੀਆ ਪਹਿਲੇ ਦਰਜੇ ਦੇ ਅਧਿਆਪਕ ਵਜੋਂ ਅਤੇ ਟੇਕਸੀਰਾ ਮੁੱਖ ਨਿਗਰਾਨ ਵਜੋਂ ਕੰਮ ਕਰਦੀ ਸੀ।