ਹਰਦਮ ਮਾਨ
ਸਰੀ, 7 ਅਪ੍ਰੈਲ 2021 - ਗ਼ਜ਼ਲ ਮੰਚ ਸਰੀ ਵੱਲੋਂ ਬੀਅਰ ਪਾਰਕ ਸਰੀ ਦੇ ਖੁੱਲ੍ਹੇ ਪਾਰਕ ਵਿਚ ਖੂਬਸੂਰਤ ਮੌਸਮ ਦਾ ਆਨੰਦ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਮਾਣਿਆਂ। ਇਸ ਮੌਕੇ ਕਾਵਿ-ਮਹਿਫ਼ਿਲ ਸਜਾਈ ਗਈ ਜਿਸ ਦਾ ਆਗਾਜ਼ ਇੰਦਰਜੀਤ ਧਾਮੀ ਦੀ ਖੂਬਸੂਰਤ ਕਵਿਤਾ ਨਾਲ ਹੋਇਆ। ਉਸ ਦੇ ਬੋਲ ਸਨ-
“ਚਿਤਰਕਾਰੀ ਕੇਸ ਦੀ ਦਿਸਦੀ ਨਹੀਂ ਵਗਦੀ ਹਵਾ
ਪਰਬਤ ਹੀ ਜੰਗਲ ਤਾਰਿਕਾ ਮੰਡਲ ਸਮੁੰਦਰ ਦੀ ਕਲਾ”
ਉਪਰੰਤ ਬਹੁਤ ਹੀ ਪਿਆਰੇ ਸ਼ਾਇਰ ਰਾਜਵੰਤ ਰਾਜ ਦੇ ਆਪਣੀ ਦਿਲਕਸ਼ ਗਜ਼ਲ ਕਹੀ। ਉਸ ਨੇ ਗੁਲਦਉਦੀਆਂ ਦੀ ਰੁੱਤ ਦਾ ਵਰਨਣ ਇਉਂ ਕੀਤਾ-
“ਗੁਲਦਉਦੀਆਂ ਦੀ ਰੁੱਤ ਆ ਕੇ ਫਿਰ ਚਲੀ ਗਈ
ਲੈ ਫਿਰ ਰਹਿ ਗਏ ਅਸੀਂ ਮਹਿਕਾਂ ਨੂੰ ਤਰਸਦੇ।“
ਫਿਰ ਵਾਰੀ ਆਈ ਦਵਿੰਦਰ ਗੌਤਮ। ਆਪਣੇ ਵਿਲੱਖਣ ਅੰਦਾਜ਼ ਵਿਚ ਸਮੇਂ ਦੀਆਂ ਤਲਖ਼ ਸਚਾਈਆਂ ਦੇ ਰੂਬਰੂ ਹੁੰਦਾ ਹੋਇਆ ਗੌਤਮ ਕਹਿ ਰਿਹਾ ਸੀ-
“ਮਨ ਦਾ ਮੌਸਮ ਕਿਸ ਤੇ ਹੁਣ ਵਿਸ਼ਵਾਸ ਕਰੇ
ਪੂਰਬ ਵਾਲੀ ਪੌਣ ਵੀ ਹੁਣ ਤਾਂ ਠਗਦੀ ਹੈ।“
ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੀ ਪੁਖਤਾ ਸ਼ਾਇਰੀ ਵਿਚ ਲੋਕਾਈ ਦਾ ਰੰਗ ਸਿਰ ਚੜ੍ਹ ਬੋਲ ਰਿਹਾ ਸੀ-
“ਮੇਰੇ ਜਿਹਾ ਹੀ ਦਰਦ ਹਰ ਇਕ ਦੇ ਦਿਲ ਚ ਵੀ
ਮੈਂ ਦਰਦ ਆਪਣਾ ਕਿਹਾ, ਲੋਕਾਂ ਦਾ ਬਣ ਗਿਆ।“
ਪੰਜਾਬੀ ਗ਼ਜ਼ਲ ਦਾ ਮਾਣਮੱਤਾ ਸ਼ਾਇਰ ਜਸਵਿੰਦਰ ਆਪਣੀ ਬਾਕਮਾਲ ਸ਼ਾਇਰੀ ਨਾਲ ਸਮੇਂ ਅਤੇ ਹਾਲਾਤ ਦੀ ਹਕੀਕਤ ਨੂੰ ਬਿਆਨ ਕਰ ਰਿਹਾ ਸੀ-
“ਕਦੇ ਏਹੋ ਜਿਹੀ ਨਾ ਰਾਤ ਵੇਖੀ, ਨਹੀਂ ਪੱਥਰਾਂ ਦੀ ਬਰਸਾਤ ਵੇਖੀ
ਕਦੇ ਅਸਮਾਨ ਇਉਂ ਨਾ ਕੰਬਿਆ ਸੀ, ਪਤੰਗਾਂ ਵਾਂਗ ਤਾਰੇ ਝੜ ਗਏ ਨੇ।
ਹਰਿਕ ਬੂਟਾ ਹੀ ਮੌਸਮ ਨੇ ਸਤਾਇਆ, ਹਨੇਰੀ ਨੇ ਵੀ ਪੂਰਾ ਜ਼ੋਰ ਲਾਇਆ
ਹਰਾ ਘਾਹ ਫੇਰ ਵੀ ਹੈ ਲਹਿਲਹਾਇਆ, ਸਫੈਦੇ ਤਾਂ ਜੜੋਂ ਉੱਖੜ ਗਏ ਨੇ।“
ਸ਼ਾਇਰ ਗੁਰਮੀਤ ਸਿੱਧੂ ਨੇ ਬੇਹੱਦ ਖੂਬਸੂਰਤ ਸ਼ਿਅਰਾਂ ਨਾਲ ਆਪਣੀ ਹਾਜਰੀ ਲੁਆਈ। ਉਸ ਦਾ ਕਹਿਣਾ ਸੀ-
“ਮਿਲਣ ਆਉਂਦੇ ਨੇ ਅਕਸਰ ਹੀ ਉਹ ਮੈਨੂੰ ਰੁੱਖ ਸਮਝਦੇ ਨੇ
ਇਕੱਲਤਾ ਦਾ ਤਾਂ ਪਰਿੰਦੇ ਹੀ ਏਥੇ ਦੁੱਖ ਸਮਝਦੇ ਨੇ”
ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਵੀ ਆਪਣੀ ਪਿਆਰ-ਭਰੀ ਸ਼ਾਇਰੀ ਨਾਲ ਹਾਜਰ ਸੀ-
“ਝੀਲ ਦੇ ਪਾਣੀ ਤੇ ਚੰਨ ਦੀ ਚਾਨਣੀ, ਬਿਨ ਤੇਰੇ ਕੀ ਦੇਖਣੀ ਕੀ ਮਾਨਣੀ
ਪੁੰਨਿਆਂ ਦੀ ਰਾਤ ਦਾ ਵੀ ਅਰਥ ਕੀ, ਜੇ ਰਿਹਾ ਰਿਸ਼ਮਾਂ ਤੇ ਸਾਇਆ ਨ੍ਹੇਰ ਦਾ”
ਮਹਿਫ਼ਿਲ ਵਿਚ ਹਰਦਮ ਸਿੰਘ ਮਾਨ ਨੇ ਆਪਣੇ ਸ਼ਿਅਰਾਂ ਰਾਹੀਂ ਆਖਰੀ ਰੰਗ ਭਰਦਿਆਂ ਕਿਹਾ-
“ਡਾਲਰਾਂ ਦੇ ਸਾਗਰਾਂ ਵਿਚ, ਰੂਹਾਂ ਪਿਆਸੀਆਂ ਨੇ
ਯਾਦਾਂ ਦੇ ਟਿੱਬਿਆਂ ਚੋਂ ਲੱਭਦੀ ਨਾ ਢਾਬ ਯਾਰੋ!”
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com