ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021-ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਬਾਰਡਰਾਂ ’ਤੇ ਲਗਾਏ ਜਾ ਰਹੇ ਧਰਨੇ ਸਬੰਧੀ ਪਿੰਡਾਂ ਅੰਦਰ ਕਿਸਾਨਾਂ ਤੇ ਮਜ਼ਦੂਰਾਂ ’ਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਨਿੱਤ ਰੋਜ਼ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰੋਂ ਦਿੱਲੀ ਲਈ ਕਿਸਾਨਾਂ ਦੇ ਜਥੇ ਰਵਾਨਾ ਹੋ ਰਹੇ ਹਨ, ਜਿੰਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਵੱਧ ਚੜ੍ਹਕੇ ਹਿੱਸਾ ਦੇ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਭਾਗਸਰ ਤੋਂ ਰੇਲਗੱਡੀ ਜ਼ਰੀਏ ਕਿਸਾਨਾਂ ਦਾ ਇੱਕ ਜਥਾ ਦਿੱਲੀ ਲਈ ਚੱਲਿਆ ਹੈ, ਜਿਸ ਵਿੱਚ ਬੀਕੇਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਹਰਫ਼ੂਲ ਸਿੰਘ, ਨਰ ਸਿੰਘ ਅਕਾਲੀ, ਦਰਸ਼ਨ ਸਿੰਘ, ਜੱਜ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ, ਗਗਨ ਸਿੰਘ ਆਦਿ ਕਿਸਾਨ ਸ਼ਾਮਲ ਸਨ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਪਾਸ ਕੀਤੇ ਹਨ, ਉਹ ਹਰ ਵਰਗ ਲਈ ਘਾਤਕ ਹਨ, ਜਿੰਨ੍ਹਾਂ ਨੂੰ ਹਰ ਹਾਲ ਵਿੱਚ ਰੱਦ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੜੀਵਾਰ ਦਿੱਲੀ ਪਹੁੰਚ ਰਹੇ ਹਨ। ਵਰਣਨਯੋਗ ਹੈ ਕਿ ਇਸ ਖੇਤਰ ਦੇ ਪਿੰਡਾਂ ਅੰਦਰੋਂ ਆਏ ਦਿਨ ਦਰਜਨਾਂ ਦੇ ਹਿਸਾਬ ਨਾਲ ਕਿਸਾਨੀ ਜਥੇ ਦਿੱਲੀ ਬਾਰਡਰਾਂ ’ਤੇ ਪੁੱਜ ਰਹੇ ਹਨ।