ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021 - ਬੀਤੀ ਦੇਰ ਸ਼ਾਮ ਨੂੰ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਨੇ ਯੂਥ ਅਕਾਲੀ ਦਲ ਦੀ ਲੰਬੀ ਵਿਖੇ ਹੋਣ ਵਾਲੀ ਰੈਲੀ ’ਤੇੇ ਪਾਣੀ ਫੇਰ ਦਿੱਤਾ ਹੈ। ਜਿਸ ਕਾਰਨ ਬਾਦਲਾਂ ਨੂੰ ਇਹ ਰੈਲੀ ਰੱਦ ਕਰਨੀ ਪਈ। ਕਿਉਂਕਿ ਬਾਰਿਸ਼ ਅਤੇ ਤੇਜ਼ ਹਨੇਰੀ ਦੇ ਕਾਰਨ ਟੈਂਟ ਤੱਕ ਉਖੜ ਗਿਆ ਅਤੇ ਸਮਾਨ ਵੀ ਇਧਰ ਉਧਰ ਬਿਖਰ ਗਿਆ। ਯੂਥ ਅਕਾਲੀ ਦਲ ਦੀ ਪੰਜਾਬ ਮੰਗਦਾ ਜਵਾਬ ਦੇ ਅਧੀਨ 7 ਅਪੈਲ ਨੂੰ ਲੰਬੀ ਵਿਖੇ ਰੈਲੀ ਕੀਤੀ ਜਾਣੀ ਸੀ। ਇਸ ਰੈਲੀ ਲਈ ਡੇਢ ਏਕੜ ਵਿਚ ਟੈਂਟ ਲਗਾਇਆ ਗਿਆ। ਜਿਸ ਵਿਚ 4200 ਕੁਰਸੀ ਲਗਾਈ ਗਈ ਸੀ।
ਜਦਕਿ ਅਕਾਲੀ ਦਲ ਨੂੰ ਅਨੁਮਾਨ ਸੀ ਕਿ ਇਸ ਰੈਲੀ ਵਿਚ 8 ਹਜ਼ਾਰ ਦੇ ਕਰੀਬ ਇਕੱਠ ਹੋ ਸਕਦਾ ਹੈ। ਪਰ ਬਾਰਿਸ਼ ਨੇ ਸਿਰਫ਼ 12 ਘੰਟੇ ਪਹਿਲਾਂ ਹੀ ਅਕਾਲੀ ਦਲ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਅਤੇ ਬੱਦਲਾਂ ਦੇ ਅੱਗੇ ਬਾਦਲਾਂ ਨੂੰ ਬੇਵੱਸ ਹੋਣਾ ਪਿਆ। ਅਕਾਲੀ ਦਲ ਦੇ ਸਰਕਲ ਪ੍ਰਧਾਨ ਰਣਜੋਧ ਸਿੰਘ ਲੰਬੀ ਨੇ ਦੱਸਿਆ ਕਿ ਹਨੇਰੀ ਇੰਨੀ ਤੇਜ ਸੀ ਕਿ ਕਈ ਤਾਂ ਪਾਈਪਾਂ ਹੀ ਦੂਹਰੀਆਂ ਹੋ ਗਈਆਂ। ਇਥੋਂ ਤੱਕ ਕਿ ਪੱਖੇ ਤੇ ਹੋਰ ਸਮਾਨ ਵੀ ਇਧਰ ਉਧਰ ਖਿੰਡ ਗਿਆ। ਇੱਕ ਹੀ ਰਾਤ ਵਿਚ ਇੰਨੀ ਤਿਆਰੀ ਹੋਣੀ ਸੰਭਵ ਨਹੀਂ ਸੀ। ਜਿਸ ਕਾਰਨ ਇਹ ਰੈਲੀ ਫਿਲਹਾਲ ਇੱਕ ਮਹੀਨੇ ਲਈ ਰੱਦ ਕਰ ਦਿੱਤੀ ਗਈ ਹੈ। ਹੁਣ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਰੈਲੀ ਕੀਤੀ ਜਾਵੇਗੀ।