ਯੂਥ ਅਕਾਲੀ ਦਲ
ਰਾਜਵੰਤ ਸਿੰਘ
ਲੰਬੀ, 7 ਅਪ੍ਰੈਲ 2021-ਮੰਗਲਵਾਰ ਦੇਰ ਰਾਤ ਅਚਾਨਕ ਖ਼ਰਾਬ ਹੋਏ ਮੌਸਮ ਤੋਂ ਬਾਅਦ ਚੱਲੇ ਤੇਜ਼ ਝੱਖੜ ਨੇ ਜਿੱਥੇ ਕਣਕ ਦੀ ਫ਼ਸਲ ਦਾ ਖ਼ਰਾਬਾ ਕੀਤਾ ਹੈ, ਉਥੇ ਹੀ ਯੂਥ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਜੀ ਹਾਂ..ਦਰਅਸਲ ਸਾਬਕਾ ਮੁੱਖ ਮੰਤਰੀ ਦੇ ਹਲਕੇ ਲੰਬੀ ’ਚ ਯੂਥ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਰੈਲੀ ਦਾ ਇਸ ਝੱਖੜ ਨੇ ਅਜਿਹਾ ਹਾਲ ਕੀਤਾ ਕਿ ਹੁਣ ਇਹ ਰੈਲੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹਨ੍ਹੇਰੀ ਕਾਰਨ ਲਗਾਏ ਤੰਬੂ ਉਡ ਪੁੱਡ ਗਏ ਤੇ ਸਵੇਰ ਸਮੇਂ ਪੂਰਾ ਨਕਸ਼ਾ ਹੀ ਬਦਲ ਗਿਆ।
ਜ਼ਿਕਰਯੋਗ ਹੈ ਕਿ ਯੂਥ ਮੰਗਦਾ ਜੁਆਬ ਪ੍ਰੋਗਰਾਮ ਤਹਿਤ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਅੱਜ ਲੰਬੀ ਵਿਖੇ ਯੂਥ ਅਕਾਲੀ ਦਲ ਵੱਲੋਂ ਵੱਡੀ ਰੈਲੀ ਕੀਤੀ ਜਾਣੀ ਸੀ, ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਪੁੱਜਣ ਵਾਲੇ ਸਨ, ਪਰ ਲੰਘੀ ਰਾਤ ਆਈ ਬਾਰਿਸ਼ ਤੇ ਝੱਖੜ ਨੇ ਜਿੱਥੇ ਇਲਾਕੇ ਦੀ ਦਸ਼ਾ ਬਦਲ ਦਿੱਤੀ ਹੈ, ਉਥੇ ਹੀ ਰੈਲੀ ਲਈ ਲਗਾਇਆ ਗਿਆ ਸ਼ਾਮਿਆਨਾ ਵੀ ਪੂਰੀ ਤਰ੍ਹਾਂ ਉਡਾ ਦਿੱਤਾ ਤੇ ਰੈਲੀ ਲਈ ਲਗਾਈਆਂ ਗਈਆਂ ਕਨਾਤਾਂ ਦੂਰ ਦੁਰਾਡੇ ਜਾ ਡਿੱਗੀਆਂ।
ਇਸ ਸਬੰਧੀ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਇਸ ਰੈਲੀ ਨੂੰ ਮੁਲਤਵੀ ਕਰਨ ਦੇ ਸੁਨੇਹੇ ਪਾਏ ਜਾ ਰਹੇ ਹਨ, ਜਿਸ ਵਿੱਚ ਲਿਖਿਆ ਹੈ ਕਿ ਰੈਲੀ ਝੱਖੜ ਕਾਰਨ ਹੋਏ ਫ਼ਸਲ ਦੇ ਨੁਕਸਾਨ ਕਰਕੇ ਰੱਦ ਕੀਤੀ ਗਈ ਹੈ। ਫ਼ਿਲਹਾਲ ਅਕਾਲੀ ਦਲ ਵੱਲੋਂ ਇਹ ਰੈਲੀ ਅਣਮਿੱਥੇ ਸਮੇਂ ਲਈ ਮੁਤਲਵੀ ਕੀਤੀ ਗਈ ਹੈ।