ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021-ਮਾਈਕਰੋਫਾਈਨਾਂਸ ਕੰਪਨੀਆਂ ਤੋਂ ਲਏ ਕਰਜ਼ੇ ਨੂੰ ਭਰਨ ਤੋਂ ਅਸਮਰਥ ਔਰਤਾਂ ਵੱਲੋਂ ਅੱਜ ਪੰਜਾਬ ਖੇਤ ਮਜ਼ਦੂਰ ਯੁੂਨੀਅਨ ਦੀ ਅਗਵਾਈ ਹੇਠ ਥਾਣਾ ਸਿਟੀ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਉਚਾ ਵਿਹੜਾ ਮੁਹੱਲੇ ਦੀਆਂ ਔਰਤਾਂ ਨੇ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਤੋਂ ਲੋਨ ਲਏ ਸਨ, ਪਰ ਕੋਰੋਨਾਕਾਲ ਦੇ ਚੱਲਦਿਆਂ ਹੁਣ ਔਰਤਾਂ ਕਰਜ਼ ਮੋੜਣ ਤੋਂ ਅਸਮਰਥ ਹਨ, ਪਰ ਅਜਿਹੀਆਂ ਕੰਪਨੀਆਂ ਵੱਲੋਂ ਹੁਣ ਔਰਤਾਂ ’ਤੇ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ, ਜੋ ਸਰਾਸਰ ਧੱਕਾ ਹੈ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ ਮਜ਼ਦੂਰਾਂ ਦੇ ਸਮੂਹ ਕਰਜ਼ ਮੁਆਫ਼ ਕੀਤੇ ਜਾਣਗੇ, ਪਰ ਹੁਣ ਕਿਸ਼ਤਾਂ ਨਾ ਭਰਨ ਵਾਲਿਆਂ ਨੂੰ ਪੁਲਸ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਈਕਰੋਫਾਈਨਾਂਸ ਕੰਪਨੀਆਂ ਤੇ ਪੁਲਸ ਵੱਲੋਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨਾ ਦੇਵੀ, ਜਸਵਿੰਦਰ ਸਿੰਘ, ਹਰਪ੍ਰੀਤ ਕੌਰ, ਮਨਜੀਤ ਸਿੰਘ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।