ਜਗਮੀਤ ਸਿੰਘ
ਭਿੱਖੀਵਿੰਡ, 7 ਅਪ੍ਰੈਲ 2021 - ਨਗਰ ਪੰਚਾਇਤ ਭਿੱਖੀਵਿੰਡ ਦੇ ਕਾਂਗਰਸੀ ਪਾਰਟੀ ਦੀ ਮੌਜੂਦਾ ਕੌਸ਼ਲਰ ਰਾਜਬੀਰ ਕੌਰ ਤੇ ਯੂਥ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਸਿੱਧੂ ਦੇ ਘਰ ‘ਤੇ ਬੀਤੀ ਰਾਤ ਕਾਰ ਸਵਾਰ ਕੁਝ ਅਣਪਛਾਤੇ ਨੌਜਵਾਨ ਫਾਇਰਿੰਗ ਕਰਕੇ ਫਰਾਰ ਹੋ ਗਏ। ਘਰ ਵਿਚ ਮੌਜੂਦ ਕੌਸ਼ਲਰ ਰਾਜਬੀਰ ਕੌਰ, ਪਤੀ ਪਲਵਿੰਦਰ ਸਿੰਘ ਲਾਡੀ, ਯੂਥ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਸਿੱਧੂ ਸਮੇਤ ਪਰਿਵਾਰਕ ਮੈਂਬਰ ਵਾਲ-ਵਾਲ ਬੱਚ ਗਏ।
ਘਰ ਦੇ ਮੇਂਨ ਗੇਟ ਅਤੇ ਕੋਠੀਆਂ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਵਿਖਾਉਦਿਆਂ ਯੂਥ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਡੇਢ ਵਜੇ ਦੇ ਦਰਮਿਆਨ ਪਿੰਡ ਪਹੂਵਿੰਡ ਵਾਸੀ ਆਕਾਸ਼ ਨਾਮੀ ਨੌਜਵਾਨ ਆਪਣੇ ਅੱਧੀ ਦਰਜਨ ਸਾਥੀਆਂ ਸਮੇਤ ਕਾਰ ਵਿਚ ਸਵਾਰ ਹੋ ਕੇ ਆਏ ਅਤੇ ਉਕਤ ਨੌਜਵਾਨਾਂ ਵੱਲੋਂ 315 ਰਾਇਫਲ ਤੇ ਦੋਨਾਲੀ ਨਾਲ ਸਾਡੇ ਘਰ ‘ਤੇ ਫਾਇਰਿੰਗ ਕੀਤੀ। ਗੋਲੀਆਂ ਦੀ ਆਵਾਜ ਸੁਣ ਕੇ ਜਦੋਂ ਅਸੀਂ ਉਠ ਕੇ ਕੋਠੇ ‘ਤੇ ਚੜ ਕੇ ਵੇਖਿਆ ਤਾਂ ਉਕਤ ਨੌਜਵਾਨ ਮੌਕੇ ‘ਤੇ ਵੇਖਦਿਆਂ ਕਾਰ ਰਾਂਹੀ ਸਵਾਰ ਹੋ ਕੇ ਭੱਜ ਨਿਕਲੇ।
ਕੌਸ਼ਲਰ ਰਾਜਬੀਰ ਕੌਰ ਦੇ ਦਿਉਰ ਯੂਥ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ ਪੰਜਾਬ, ਐਸ.ਐਸ.ਪੀ ਤਰਨ ਤਾਰਨ ਤੋਂ ਪੁਰਜੋਰ ਮੰਗ ਕੀਤੀ ਕਿ ਸਾਡੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਗੰੁਡੇ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਐਸੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਨੱਥ ਪਾ ਕੇ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਘਟਨਾ ਸੰਬੰਧੀ ਜਦ ਐਸਐਚੳ ਭਿੱਖੀਵਿੰਡ ਸਰਬਜੀਤ ਸਿੰਘ ਨੂੰ ਪੁੱਛਣ ‘ਤੇ ਉਹਨਾਂ ਕਿਹਾ ਕਿ ਯਾਦਵਿੰਦਰ ਸਿੰਘ ਸਿੱਧੂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥੀ ਪਾਈ ਜਾਵੇਗੀ।