ਅਸ਼ੋਕ ਵਰਮਾ
ਬਠਿੰਡਾ,7ਅਪਰੈਲ2021: ਬਠਿੰਡਾ ਪੱਟੀ ਵਿਚ ਬੀਤੀ ਦੇਰ ਸ਼ਾਮ ਆਏ ਝੱਖੜ ਅਤੇ ਬਾਰਸ਼ ਨੇ ਵੱਡੀ ਗਿਣਤੀ ਪਿੰਡਾਂ ’ਚ ਕਣਕ ਦੇ ਖੇਤ ਮਧੋਲ ਦਿੱਤੇ ਹਨ। ਮੌਸਮ ਦੇ ਬਦਲੇ ਮਿਜਾਜ ਨੇ ਕਣਕ ਦੀ ਪੱਕੀ ਫਸਲ ਦਾ ਲਿਹਾਜ ਨਹੀਂ ਕੀਤਾ ਅਤੇ ਪਿਛੇਤੀਆਂ ਫਸਲਾਂ ਵੀ ਨਹੀਂ ਬਖਸ਼ੀਆਂ ਹਨ। ਤੇਜ ਹਵਾਵਾਂ ਕਾਰਨ ਬਠਿੰਡਾ ’ਚ ਵੱਡੇ ਬੋਰਡ ਉੱਡ ਗਏ ਅਤੇ ਫਲੈਕਸਾਂ ਪਾਟ ਗਈਆਂ। ਕਈ ਇਲਾਕਿਆਂ ’ਚ ਦਰਖਤ ਡਿੱਗਣ ਕਾਰਨ ਖਲੋਤੀਆਂ ਗੱਡੀਆਂ ਆਦਿ ਨੂੰ ਨੁਕਸਾਨ ਪੁੱਜਿਆ ਹੈ। ਗੋਨਿਆਣਾ ਇਲਾਕੇ ’ਚ ਖੰਭੇ ਅਤੇ ਟਰਾਂਸਫਾਰਮਰ ਡਿੱਗ ਪਏ ਅਤੇ ਦਰਖਤ ਡਿੱਗਣ ਨਾਲ ਰਸਤਾ ਬੰਦ ਹੋ ਗਿਆ ਜਿਸ ਨੂੰ ਨੌਜਵਾਨ ਕਿਸਾਨਾਂ ਨੇ ਬਾਰਸ਼ ਦੌਰਾਨ ਭਾਰੀ ਮੁਸ਼ੱਕਤ ਤੋਂ ਬਾਅਦ ਬਹਾਲ ਕਰਵਾਇਆ। ਬਲਾਕ ਭਗਤਾ ਭਾਈ ’ਚ ਪਿੰਡ ਦਿਆਲਪੁਰਾ ਮਿਰਜਾ ਤੋਂ ਅੱਗੇ ਕਈ ਕਿੱਲੋਮੀਟਰ ’ਚ ਦਰਖਤਾਂ ਦੇ ਸੜਕ ਤੇ ਡਿੱਗ ਜਾਣ ਕਾਰਨ ਸੜਕ ਜਾਮ ਹੋ ਗਈ।
ਓਧਰ ਰੰਗ ਵਟਾਉਂਦੇ ਮੌਸਮ ਕਾਰਨ ਕਿਸਾਨਾਂ ਦੀ ਜਾਨ ਮੁੱਠੀ ’ਚ ਆ ਗਈ ਹੈ। ਉਪਰੋਂ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਵੀ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਵੇਰਵਿਆਂ ਅਨੁਸਾਰ ਇਸ ਵਾਰ ਬਠਿੰਡਾ ਜ਼ਿਲ੍ਹੇ ਵਿਚ ਕਰੀਬ 2.51 ਲੱਖ ਹੈਕਟੇਅਰ ਰਕਬਾ ਕਣਕ ਹੇਠ ਹੈ। ਝੋਨੇ ਵਾਲੀ ਫਸਲ ਇਸ ਵੇਲੇ ਪੂਰੀ ਤਰਾਂ ਪੱਕ ਕੇ ਕਟਾਈ ਤੇ ਆਈ ਹੋਈ ਹੈ ਜਦਕਿ ਪਿਛੇਤੀਆਂ ਫ਼ਸਲਾਂ ਰੰਗ ਵਟਾ ਰਹੀਆਂ ਹਨ। ਕਿਸਾਨ ਗੁਰਮੇਲ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਝਖੇੜੇ ਨਾਲ ਜਿੰਨ੍ਹਾਂ ਖੇਤਾਂ ’ਚ ਫਸਲ ਵਿਛ ਗਈ ਹੈ ਉਨ੍ਹਾਂ ਥਾਵਾਂ ਤੇ ਕਟਾਈ ’ਚ ਮੁਸ਼ਕਲ ਆਵੇਗੀ ਤੇ ਝਾੜ ਨੂੰ ਵੀ ਸੱਟ ਵੱਜੇਗੀ। ਖੇਤੀ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਹੁਣ ਬਾਰਸ਼ ਤੇ ਤੇਜ ਹਵਾ ਕਣਕ ਲਈ ਮਾੜੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਵਾਢੀ ਪਛੜਨ ਦੀ ਵੀ ਆਸਾਰ ਬਣ ਗਏ ਹਨ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਬਠਿੰਡਾ ਜਿਲ੍ਹੇ ਵਿੱਚ ਬੀਤੀ ਦੇਰ ਸ਼ਾਮ ਲਗਾਤਾਰ ਪੌਣਾ ਘੰਟਾ 96.2 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੱਖੜ ਝੁੱਲਿਆ ਜੋ ਫਸਲਾਂ ਲਈ ਮਾਰੂ ਸਿੱਧ ਹੋਇਆ ਹੈ। ਬਾਅਦ ’ਚ ਬਾਰਸ਼ ਦੇ ਨਾਲ ਨਾਲ ਵਗਦੀ ਰਹੀ ਤੇਜ ਹਵਾ ਨੇ ਵੀ ਰਹਿੰਦੀ ਕਸਰ ਪੂਰੀ ਕਰ ਦਿੱਤੀ। ਰਾਹਤ ਵਾਲੀ ਗੱਲ ਇਹੋ ਹੈ ਕਿ ਗੜਿਆਂ ਤੋਂ ਬਚਾਅ ਰਿਹਾ ਹੈ।ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਘੱਟ ਤੋਂ ਘੱਟ ਤਾਪਮਾਨ 13.4 ਡਿਗਰੀ ਸੈਸਲਸ਼ੀਅਸ ਦਰਜ ਕੀਤਾ ਗਿਆ ਹੈ ਜੋ ਪਿਛਲੇ ਇੱਕ ਹਫਤੇ ਨਾਲੋਂ ਨੀਵਾਂ ਹੈ। ਇਸੇ ਤਰਾਂ ਹੀ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 4 ਤੋਂ 5 ਡਿਗਰੀ ਦੀ ਗਿਰਾਵਟ ਆਈ ਹੈ। ਭਾਵੇਂ ਗਰਮੀ ਤੋਂ ਰਾਹਤ ਮਿਲੀ ਹੈ ਪਰ ਵਿਗੜਦਾ ਮੌਸਮ ਕਿਸਾਨਾਂ ਤੇ ਬੁਰੀ ਤਰਾਂ ਭਾਰੀ ਪਿਆ ਹੈ।
ਕਣਕ ਦਾ ਝਾੜ ਪ੍ਰਭਾਵਿਤ:ਝੁੰਬਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਪੱਕੀਆਂ ਅਤੇ ਪੱਕਣ ਕੰਢੇ ਪੁੱਜੀਆਂ ਕਣਕਾਂ ਤੇ ਝੁੱਲੇ ਝੱਖੜ ਨੇ ਸੈਂਕੜੇ ਏਕੜ ਰਕਬੇ ’ਚ ਤਬਾਹੀ ਮਚਾਈ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਇਲਾਕੇ ਵਿੱਚ ਇੱਕਦਮ ਝੱਖੜ ਆਇਆ ਜਿਸ ਨੇ ਉਨ੍ਹਾਂ ਦੇ ਪਿੰਡਾਂ ’ਚ ਕਣਕ ਦੇ ਖੇਤ ਵਿਛਾ ਦਿੱਤੇ ਹਨ ਜਿਸ ਨਾਲ ਕਣਕ ਦਾ ਝਾੜ ਪੰਜ ਫੀਸਦੀ ਤੱਕ ਪ੍ਰਭਾਵਿਤ ਹੋ ਸਕਦਾ ਹੈ।
ਕਿਸਾਨਾਂ ਵੱਲੋਂ ਰਜਬਾਹਿਆਂ ਦੀ ਰਾਖੀ
ਬੀਤੀ ਦੇਰ ਸ਼ਾਮ ਮੌਸਮ ’ਚ ਆਈ ਭਾਰੀ ਖਰਾਬੀ ਦੇ ਬਾਵਜੂਦ ਰਜਬਾਹਿਆਂ ’ਚ ਦਰੱਖਤ ਡਿੱਗਣ ਦੀਆਂ ਰਿਪੋਰਟਾਂ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਸੰਭਾਲਿਆਂ ਅਤੇ ਰਜਬਾਹਿਆਂ ਚੋਂ ਟਰੈਕਟਰਾਂ ਅਤੇ ਜੇ ਸੀ ਬੀ ਦੀ ਸਹਾਇਤਾ ਨਾਲ ਦਰਖਤਾਂ ਦੀਆਂ ਟਾਹਣੀਆਂ ਤੇ ਡਾਹਣੇ ਹਟਾਏ ਜਿਸ ਨਾਲ ਪਾੜ ਪੈਣ ਤੋਂ ਬਚਾਅ ਹੋ ਗਿਆ ਹੈ। ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਜੇਕਰ ਕਿਧਰੇ ਪਾੜ ਪੈ ਜਾਂਦਾ ਤਾਂ ਹੋਰ ਵੀ ਤਬਾਹੀ ਮੱਚ ਜਾਣੀ ਸੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅੱਗੇ ਆਵੇ ਤੇ ਕਿਸਾਨਾਂ ਦੀ ਬਾਂਹ ਫੜ੍ਹੇ।
ਤੇਜ ਹਵਾਵਾਂ ਕਾਰਨ ਬਿਜਲੀ ਪ੍ਰਭਾਵਿਤ
ਮੰਗਲਵਾਰ ਸ਼ਾਮ ਨੂੰ ਵਗੀਆਂ ਤੇਜ ਹਵਾਵਾਂ ਕਾਰਨ ਬਠਿੰਡਾ ਜਿਲ੍ਹੇ ’ਚ ਬਿਜਲੀ ਸਪਲਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ਤੇ ਝੱਖੜ ਨੇ ਖੰਭੇ ਪੱਟ ਦਿੱਤੇ ਅਤੇ ਤਾਰਾਂ ਟੁੱਟ ਗਈਆਂ। ਬਿਜਲੀ ਸਪਲਾਈ ਬੰਦ ਰਹਿਣ ਕਾਰਨ ਸ਼ਹਿਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀ ਅਮਰੀਕ ਸਿੰਘ ਰੋਡ ਦਰਖਤ ਡਿੱਗਣ ਕਾਰਨ ਜਾਮ ਹੋ ਗਹੀ ਜਿਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਚਾਲੂ ਕਰਵਾਇਆ।
ਮੁਆਵਜਾ ਦੇਵੇ ਸਰਕਾਰ:ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜਿੰਨ੍ਹਾਂ ਖੇਤਾਂ ’ਚ ਕਣਕ ਵਿਛ ਗਈ ਹੈ ,ਨਿਰਸੰਦੇਹ ਉੱਥੇ ਕਟਾਈ ਮਹਿੰਗੀ ਹੋਣ ਦੇ ਨਾਲ ਨਾਲ ਝਾੜ ‘ਤੇ ਅਸਰ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਭਾਵਿਤ ਖੇਤਾਂ ਦੀ ਗਿਰਦਾਵਰੀ ਕਰਵਾਕੇ ਕਣਕ ਅਤੇ ਤੂੜੀ ਸਮੇਤ ਲਾਗਤ ਦੀ ਗਿਣਤੀ ਦੇ ਅਧਾਰ ਤੇ ਮੁਆਵਜਾ ਦੇਵੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਸ ਦਿਸ਼ਾ ’ਚ ਠੋਸ ਕਦਮ ਨਾਂ ਚੁੱਕੇ ਤਾਂ ਜੱਥੇਬੰਦੀ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।
ਬਠਿੰਡਾ ਦੇ ਡੀ ਸੀ ਨਹੀਂ ਚੁੱਕਦੇ ਫੋਨ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਇਸ ਗੰਭੀਰ ਮਾਮਲੇ ਨੂੰ ਲੈਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੱਖ ਦੱਸਣ ਦੀ ਥਾਂ ਫੋਨ ਨਹੀਂ ਚੁੱਕਿਆ ਜਦੋਂਕਿ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਬਹਾਦਰ ਸਿੰਘ ਦੇ ਦੋਵੇਂ ਫੋਨ ਲਗਾਤਾਰ ਬੰਦ ਆ ਰਹੇ ਸਨ।