ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021-ਭਾਵੇਂ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਪਰ ਸਥਾਨਕ ਸ਼ਹਿਰ ਅੰਦਰ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਵਿਭਾਗ ਦੇ ਇਸ ਅਭਿਆਨ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਆਦੇਸ਼ ਨਗਰ ਵਾਸੀ 49 ਸਾਲਾ ਇਕ ਸੀਆਈਡੀ ਅਫ਼ਸਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾਉਣ ਤੋਂ ਬਾਅਦ ਵੀ ਪਾਜ਼ੇਟਿਵ ਨਿਕਲ ਆਇਆ ਹੈ। ਫ਼ਿਲਹਾਲ ਉਹ ਆਪਣੇ ਘਰ ’ਚ ਆਈਸੋਲੇਟ ਹੈ। ਸੀਆਈਡੀ ਅਫ਼ਸਰ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਉਸਨੇ 16 ਫ਼ਰਵਰੀ ਨੂੰ ਪਹਿਲੀ ਤੇ 16 ਮਾਰਚ ਨੂੰ ਦੂਜੀ ਡੋਜ਼ ਲਗਾਈ ਸੀ, ਇਸ ਤੋਂ ਬਾਅਦ 23 ਮਾਰਚ ਨੂੰ ਉਸਨੇ ਕੋਰੋਨਾ ਟੈਸਟ ਕਰਾਇਆ ਸੀ, ਜੋ 26 ਮਾਰਚ ਨੂੰ ਪਾਜ਼ੇਟਿਵ ਨਿਕਲ ਆਇਆ, ਜਿਸ ਤੋਂ ਬਾਅਦ ਉਸਨੇ ਖੁਦ ਨੂੰ ਆਈਸੋਲੇਟ ਕਰ ਲਿਆ। ਪਰਮਵੀਰ ਸਿੰਘ ਦੇ ਅਨੁਸਾਰ ਘਰ ’ਚ ਉਹ ਤੇ ਉਸਦੀ ਪਤਨੀ ਰਹਿੰਦੇ ਹਨ, ਜਦੋਂਕਿ ਉਨ੍ਹਾਂ ਦੇ ਬੱਚੇ ਵਿਦੇਸ਼ ’ਚ ਹਨ। ਜਦੋਂ ਤੋਂ ਉਹ ਆਈਸੋਲੇਟ ਹੋਇਆ ਹੈ, ਉਦੋਂ ਤੋਂ ਜਲੰਧਰ ਤੋਂ ਉਨਾਂ ਨੂੰ ਕਿਟ ਲਿਆਉਣ ਲਈ ਕਈ ਫੋਨ ਆ ਚੁੱਕੇ ਹਨ, ਜਦੋਂਕਿ ਉਹ ਤਾਂ ਆਈਸੋਲੇਟ ਹੈ ਤੇ ਅਜਿਹੇ ਵਿਚ ਉਹ ਘਰੋਂ ਬਾਹਰ ਕਿਵੇਂ ਜਾਵੇ?
ਪਰਮਵੀਰ ਸਿੰਘ ਦੇ ਅਨੁਸਾਰ ਜਦੋਂ ਤੋਂ ਉਹ ਆਈਸੋਲੇਟ ਹੈ, ਇਕ ਵਾਰ ਵੀ ਸਿਹਤ ਵਿਭਾਗ ਵੱਲੋਂ ਕੋਈ ਕਰਮਚਾਰੀ ਉਸਦੇ ਘਰ ਤੱਕ ਨਹੀਂ ਆਇਆ। ਉਥੇ ਹੀ ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਵੈਕਸੀਨੇਸ਼ਨ ਦੀ ਦੂਜੀ ਡੋਜ਼ ਲੱਗਣ ਦੇ ਕਰੀਬ 20 ਦਿਨਾਂ ਬਾਅਦ ਹੀ ਸਰੀਰ ਵਿਚ ਐਂਟੀ ਬਾਡੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਕਿਤੇ ਜਾ ਕੇ ਅਮਿਊਨਿਟੀ ਸਿਸਟਮ ਪਾਵਰਫੁੱਲ ਹੁੰਦਾ ਹੈ। ਅਜਿਹੇ ’ਚ ਦੂਜੀ ਡੋਜ਼ ਲੱਗਣ ਦੇ ਕਰੀਬ 20 ਦਿਨਾਂ ਬਾਅਦ ਇਹ ਕਹਿ ਸਕਦੇ ਹਾਂ ਕਿ ਵਿਅਕਤੀ ਪਾਜ਼ੇਟਿਵ ਆਉਣ ਦੇ ਆਸਾਰ ਘੱਟ ਹੋ ਸਕਦੇ ਹਨ।
ਉਧਰ ਜਦੋਂ ਇਸ ਬਾਬਤ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਵੈਕਸੀਨੇਸ਼ਨ ਦੇ ਬਾਅਦ ਵੀ ਰਿਪੋਰਟ ਪਾਜ਼ੇਟਿਵ ਆ ਸਕਦੀ ਹੈ, ਇਹ ਕੋਈ ਵੱਡੀ ਗੱਲ ਨਹੀਂ। ਟੀਕਾਕਰਨ ਦਾ ਫਾਇਦਾ ਇਹ ਹੈ ਕਿ ਇਸ ਨਾਲ ਵਿਅਕਤੀ ’ਚ ਇਸ ਰੋਗ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਸਿਵਲ ਸਰਜਨ ਨੇ ਕੋਰੋਨਾ ਵੈਕਸੀਨੇਸ਼ਨ ਦੇ ਬਾਅਦ ਵੀ ਮਾਸਕ ਪਹਿਨਣ ਤੇ ਹੋਰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ।