ਹਰਜਿੰਦਰ ਸਿੰਘ ਭੱਟੀ
- ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਔਰਤਾਂ ਸਬੰਧੀ ਜਾਰੀ ਕੀਤਾ ਨੋਟਿਸ
ਐਸ.ਏ.ਐਸ. ਨਗਰ, 07 ਅਪਰੈਲ 2021 - ਜ਼ਿਲ੍ਹਾ ਪੁਲੀਸ ਵੱਲੋਂ ਨੋਟਿਸ ਜਾਰੀ ਕਰਦਿਆਂ ਦੋ ਔਰਤਾਂ ਦੀਆਂ ਤਸਵੀਰਾਂ ਜਾਰੀ ਕਰ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਹ ਦੋ ਔਰਤਾਂ ਦਾ ਇੱਕ ਗਿਰੋਹ ਟਰਾਈ ਸਿਟੀ ਵਿਚ ਖਾਸ ਕਰਕੇ ਜਿਸ ਏਰੀਆ ਵਿਚ ਸੁਸਾਇਟੀਆਂ ਜ਼ਿਆਦਾ ਹਨ, ਉਥੇ ਜਾ ਕੇ ਆਪਣੇ ਆਪ ਨੂੰ ਘਰਾਂ ਵਿਚ ਕੰਮ ਤੇ ਰੱਖਣ ਲਈ ਬੇਨਤੀ ਕਰਦੀਆਂ ਹਨ ਪ੍ਰੰਤੂ ਬਾਅਦ ਵਿਚ ਇਹ ਘਰਾਂ ਵਿੱਚੋਂ ਸੋਨਾ ਅਤੇ ਕੈਸ਼ ਚੋਰੀ ਕਰ ਲੈਂਦੀਆਂ ਹਨ। ਇਹ ਔਰਤਾਂ ਮਕਾਨ ਮਾਲਿਕਾਂ ਨੂੰ ਆਪਣਾ ਮੋਬਾਇਲ ਨੰਬਰ, ਅਧਾਰ ਕਾਰਡ ਜਾਂ ਹੋਰ ਕੋਈ ਸ਼ਨਾਖਤੀ ਪਰੂਫ ਆਦਿ ਨਹੀਂ ਦਿੰਦੀਆਂ ਅਤੇ ਆਪਣੇ ਆਪ ਨੂੰ ਬੰਗਾਲ, ਮੱਧ ਪ੍ਰਦੇਸ਼ ਦੀਆ ਰਿਹਾਇਸ਼ੀ ਦੱਸਦੀਆਂ ਹਨ।
ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ਼ ਸੀ.ਆਈ.ਏ ਮੋਹਾਲੀ ਨੇ ਕਿਹਾ ਕਿ ਲੋਕਾਂ ਵੱਲੋਂ ਆਪਣੀਆਂ ਆਪਣੀਆਂ ਸੁਸਇਟੀਆ ਵਿਚ ਲੱਗੇ ਸਕਿਊਰਟੀ ਗਾਰਡਾਂ ਨੂੰ ਇਨ੍ਹਾਂ ਸਬੰਧੀ ਜਾਣੂ ਕਰਵਾਇਆ ਜਾਵੇ। ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜੇ ਆਪ ਦੀ ਸੁਸਇਟੀ ਵਿੱਚ ਕੋਈ ਵੀ ਵਿਅਕਤੀ/ ਔਰਤ ਕਿਸੇ ਦੇ ਘਰ ਵਿੱਚ ਕੰਮ ਕਰਨ ਲਈ ਆਉਂਦੇ ਹਨ ਤਾਂ ਸੁਸਇਟੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾ ਦੀ ਮੁਕੰਮਲ ਜਾਣਕਾਰੀ ਜਿਵੇਂ ਕਿ ਪੂਰਾ ਨਾਮ ਅਤੇ ਲੋਕਲ ਤੇ ਪੱਕਾ ਪਤਾ, ਫੋਟੋ, ਮੋਬਾਇਲ ਨੰਬਰ, ਅਧਾਰ ਕਾਰਡ ਲਏ ਜਾਣ ਅਤੇ ਤਸਦੀਕ ਤੋਂ ਬਾਅਦ ਹੀ ਇਨ੍ਹਾ ਨੂੰ ਸੁਸਇਟੀ ਵਿੱਚ ਦਾਖਲ ਹੋਣ ਦਿੱਤਾ ਜਾਵੇ। ਇਨ੍ਹਾਂ ਸਾਰਿਆ ਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਅਤੇ ਜੁਰਮ ਕਰਨ ਵਾਲਿਆਂ ਨੂੰ ਟਰੇਸ ਕਰ ਕੇ ਕਾਬੂ ਕੀਤਾ ਜਾ ਸਕੇ।
ਇਸ ਸਬੰਧੀ ਸੂਚਨਾ ਮੋਬਾਈਲ ਫੋਨ ਨੰਬਰ 99887-82500 ਅਤੇ 98763-52608 ਉਤੇ ਦਿੱਤੀ ਜਾ ਸਕਦੀ ਹੈ।