ਲੋਕੇਸ਼ ਰਿਸ਼ੀ
ਗੁਰਦਾਸਪੁਰ, 07 ਅਪ੍ਰੈਲ 2021:- ਭਾਰਤ ਦੀ ਲੜਕੀ ਨੂੰ ਪਾਕਿਸਤਾਨ ਦੇ ਮੁੰਡੇ ਨਾਲ ਪਿਆਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਹੱਦ ਤਕ ਪਾਗਲ ਹੋ ਗਈ ਕਿ ਉਸ ਨੇ ਉੜੀਸਾ ਤੋਂ ਆਪਣਾ ਘਰ ਬਾਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦਾ ਅਕੀਦਾ ਕਰ ਲਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਹੁੰਦੀ ਬੀਐਸਐਫ ਵੱਲੋਂ ਬਾਰਡਰ ਤੇ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਮਹਿਲਾ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਤੇ ਡੇਰਾ ਬਾਬਾ ਨਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਡੀਐੱਸਪੀ ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਸਾਰੀ ਘਟਨਾ ਤੋਂ ਰੂਬਰੂ ਕਰਵਾਉਂਦਿਆਂ ਦੱਸਿਆ ਕਿ ਉੜੀਸਾ ਦੀ ਰਹਿਣ ਵਾਲੀ ਲੜਕੀ ਜਿਸ ਦੀ ਉਮਰ ਕਰੀਬ ਪੱਚੀ ਸਾਲ ਹੈ ਉਹ ਪਿਛਲੇ ਛੇ ਸਾਲਾਂ ਤੋਂ ਸ਼ਾਦੀਸ਼ੁਦਾ ਹੈ। ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਮੋਬਾਈਲ ਫ਼ੋਨ ਤੇ ਔਜ਼ਾਰ ਨਾਮ ਦੀ ਐਪ ਡਾਊਨਲੋਡ ਕੀਤੀ ਅਤੇ ਇਸ ਗਰੁੱਪ ਵਿਚ ਦੋਸਤਾਨਾ ਚੈਟ ਕਰਨੀ ਸ਼ੁਰੂ ਕਰ ਦਿੱਤੀ । ਕਰੀਬ ਦੋ ਮਹੀਨੇ ਪਹਿਲਾਂ ਇਹ ਲੜਕੀ ਆਪਣੇ ਪੇਕੇ ਆਈ ਹੋਈ ਸੀ। ਉੱਥੇ ਰਹਿੰਦਿਆਂ ਇਸ ਦੀ ਆਜ਼ਾਦ ਐਪ ਰਾਹੀਂ ਇਸਲਾਮਾਬਾਦ (ਪਾਕਿਸਤਾਨ) ਦੇ ਇਕ ਲੜਕੇ ਮੁਹੰਮਦ ਵੱਕਾਰ ਨਾਲ ਗੱਲਬਾਤ ਸ਼ੁਰੂ ਹੋ ਗਈ ।
ਉਸ ਤੋਂ ਬਾਅਦ ਲੜਕੇ ਲੜਕੀ ਨੇ ਆਪਣੇ ਵ੍ਹੱਟਸਐਪ ਨੰਬਰ ਆਦਾਨ ਪ੍ਰਦਾਨ ਕੀਤੇ। ਜਿਸ ਤੋਂ ਬਾਅਦ ਇਨ੍ਹਾਂ ਦੀ ਵ੍ਹੱਟਸਐਪ ਤੇ ਗੱਲਬਾਤ ਚੱਲਣੀ ਸ਼ੁਰੂ ਹੋ ਗਈ। ਮੁਹੰਮਦ ਵੱਕਾਰ ਵਾਸੀ ਪਾਕਿਸਤਾਨ ਨੇ ਇਸ ਲੜਕੀ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਆਉਣ ਲਈ ਕਿਹਾ । ਜਿਸ ਤੇ ਸਹਿਮਤੀ ਦੇ ਕੇ ਇਹ ਲੜਕੀ ਆਪਣੇ ਪੇਕੇ ਪਰਿਵਾਰ ਉੜੀਸਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੀ। ਪੰਜ ਅਪ੍ਰੈਲ ਨੂੰ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਹੀ ਅਤੇ ਛੇ ਅਪ੍ਰੈਲ ਨੂੰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ ।
ਡੀਐਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੜਕੀ ਆਟੋ ਰਿਕਸ਼ਾ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਕਾਰੀਡੋਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੀ। ਜਿੱਥੇ ਬੀਐੱਸਐੱਫ ਨੇ ਇਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੋਰੋਨਾ ਕਰਕੇ ਇਹ ਕਾਰੀਡੋਰ ਬੰਦ ਹੈ। ਬਿਨਾਂ ਪਾਸਪੋਰਟ ਪਾਕਿਸਤਾਨ ਜਾਣਾ ਨਾਮੁਮਕਨ ਹੈ ।
ਇਸ ਦੌਰਾਨ ਐਸਐਚਓ ਡੇਰਾ ਬਾਬਾ ਨਾਨਕ ਅਨਿਲ ਪਵਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤੇ ਉਹ ਲੜਕੀ ਨੂੰ ਪੁਲਸ ਸਟੇਸ਼ਨ ਡੇਰਾ ਬਾਬਾ ਨਾਨਕ ਲੈ ਆਏ । ਇਸ ਲੜਕੀ ਕੋਲੋਂ ਸੱਠ ਗਰਾਮ ਸੋਨੇ ਦੇ ਜ਼ੇਵਰਾਤ ਵੀ ਮਿਲੇ ਜੋ ਘਰ ਤੋਂ ਪਾਕਿਸਤਾਨ ਲੈ ਕੇ ਜਾਣ ਲਈ ਆਪਣੇ ਨਾਲ ਲੈ ਆਈ ਸੀ ਬਾਅਦ ਵਿੱਚ ਐੱਸਐਚਓ ਅਨਿਲ ਪਵਾਰ ਵੱਲੋਂ ਉੜੀਸਾ ਵਿਚ ਸਬੰਧਿਤ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਇਸ ਦੇ ਪਤੀ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਹੈ । ਫ਼ਿਲਹਾਲ ਪੁਲਿਸ ਵੱਲੋਂ ਲੜਕੀ ਦੇ ਘਰਵਾਲਿਆਂ ਨਾਲ ਸੰਪਰਕ ਕਰਕੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਸਾਰੇ ਜ਼ੇਵਰਾਤ ਅਤੇ ਲੜਕੀ ਨੂੰ ਘਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਭਾਰੀ ਮਾਤਰਾ ਵਿਚ ਜ਼ੇਵਰਾਤ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।