ਕੈਨੇਡਾ: ਮਰਦਮਸ਼ੁਮਾਰੀ ਵਿਚ ਮਾਂ ਬੋਲੀ ਪੰਜਾਬੀ ਲਿਖੀ ਜਾਵੇ, ਪਲੀਅ ਵੱਲੋਂ ਪੰਜਾਬੀਆਂ ਨੂੰ ਅਪੀਲ
ਹਰਦਮ ਮਾਨ
ਸਰੀ, 8 ਅਪ੍ਰੈਲ 2021-ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਅਗਲੇ ਮਹੀਨੇ ਕੈਨੇਡਾ ਵਿਚ ਹੋ ਰਹੀ ਮਰਦਮਸ਼ੁਮਾਰੀ ਲਈ ਸਮੂਹ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਲਈ ਯੋਗਦਾਨ ਪਾਉਣ ਦਾ ਇਹ ਬਹੁਤ ਚੰਗਾ ਮੌਕਾ ਹੈ ਅਤੇ ਹਰ ਪੰਜਾਬੀ ਨੂੰ ਆਪਣਾ ਫਰਜ਼ ਸਮਝ ਕੇ ਇਹ ਕਾਰਜ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵਾਰ ਮਰਦਮਸ਼ੁਮਾਰੀ ਦਾ ਦਿਨ ਮੰਗਲਵਾਰ 11 ਮਈ, 2021 ਨਿਯੁਕਤ ਹੋਇਆ ਹੈ। ਇਸ ਮਰਦਮਸ਼ੁਮਾਰੀ ਨਹੀ 75% ਵਾਸੀਆਂ ਨੂੰ ਛੋਟਾ ਫਾਰਮ ਭਰਨਾ ਪਵੇਗਾ ਜੋ ਕਿ ਬਹੁਤ ਸੌਖਾ ਕੰਮ ਹੈ ਅਤੇ 25% ਸ਼ਹਿਰੀਆਂ ਨੂੰ ਲੰਮਾ ਫਾਰਮ ਭਰਨਾ ਪਵੇਗਾ ਜਿਸ ਵਿਚ ਕਾਫੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਨ੍ਹਾਂ ਦੋਹਾਂ ਫਾਰਮਾਂ ਵਿਚ ਕੁਝ ਮਾਂ ਬੋਲੀ ਬਾਰੇ ਵੀ ਸਵਾਲ ਹਨ।
ਉਨ੍ਹਾਂ ਕਿਹਾ ਕਿ ਮਾਂ ਬੋਲੀ ਦੇ ਸਵਾਲਾਂ ਲਈ ਹਰ ਇਕ ਵਿਅਕਤੀ ਨੂੰ ਉਸ ਦੀ ਆਪਣੀ ਭਾਸ਼ਾ ਬਾਰੇ ਜਵਾਬ ਦੇਣ ਲਈ ਆਖਿਆ ਜਾਵੇਗਾ। ਅੰਗਰੇਜੀ, ਫਰਾਂਸੀਸੀ ਅਤੇ ਹੋਰਨਾਂ ਭਾਸ਼ਾ ਵਿੱਚੋਂ ਚੋਣ ਕਰਨੀ ਪਵੇਗੀ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੈ। ਸ. ਸੰਘੇੜਾ ਨੇ ਦੱਸਿਆ ਕਿ 2016 ਦੀ ਮਰਦਮ ਸ਼ੁਮਾਰੀ ਅਨੁਸਾਰ 568,375 ਵਿਅਕਤੀਆਂ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਵਜੋਂ ਚੁਣਿਆ ਸੀ । ਪਿਛਲੇ ਪੰਜਾਂ ਸਾਲਾਂ ਵਿਚ ਸਾਡੀ ਮਾਂ ਬੋਲੀ ਪੰਜਾਬੀ ਬੋਲਣ ਵਾਲੇ ਵੱਡੀ ਗਿਣਤੀ ਵਿਚ ਸ਼ੁੱਭਚਿੰਤਕ ਕੈਨੇਡਾ ਆਏ ਹਨ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ ਕੈਨੇਡਾ ਵਿਚ ਘੱਟੋ ਘੱਟ ਇਕ ਮਿਲਅਨ (ਦਸ ਲੱਖ) ਪੰਜਾਬੀ ਵਸਦੇ ਹਨ। ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਉਨ੍ਹਾਂ ਮਾਂ ਬੋਲੀ ਪੰਜਾਬੀ ਦੇ ਹਰ ਇਕ ਸ਼ੁਭਚਿੰਤਕ ਨੂੰ ਅਪੀਲ ਕੀਤੀ ਹੈ ਕਿ ਕੈਨੇਡਾ ਦੀ 2021 ਵਾਲੀ ਮਰਦਮ ਸ਼ੁਮਾਰੀ ਵਿਚ ਵਧ ਚ੍ਹੜ ਕੇ ਯੋਗਦਾਨ ਪਾਉ ਅਤੇ ਆਪਣੀ ਮਾਂ ਬੋਲੀ ਪੰਜਾਬੀ ਦੀ ਚੋਣ ਕਰੋ। ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਸ਼ੁੱਭ ਕਾਰਜ ਵਿਚ ਹਿੱਸਾ ਪਾਉਣ ਲਈ ਪ੍ਰੇਰਿਤ ਕਰੋ।