- ਡਿਪਟੀ ਕਮਿਸ਼ਨਰ ਨੇ ਮੰਡੀਆਂ ’ਚ ਕੋਵਿਡ ਬਚਾਅ ਸਬੰਧੀ ਲੱਗਣ ਵਾਲੇ ਵੈਕਸੀਨੇਸ਼ਨ ਕੈਂਪ ਦਾ ਲਾਭ ਚੁੱਕਣ ਦੀ ਕੀਤੀ ਅਪੀਲ
- ਕਿਹਾ, ਖਰੀਦ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲਣ ਲਈ ਕੀਤੇ ਜਾ ਰਹੇ ਹਨ ਅਗੇਤੇ ਪ੍ਰਬੰਧ
ਹੁਸ਼ਿਆਰਪੁਰ, 8 ਅਪ੍ਰੈਲ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਦੌਰਾਨ ਸਾਫ-ਸਫਾਈ ਤੋਂ ਇਲਾਵਾ ਕੋਵਿਡ ਫੈਲਾਅ ਨੂੰ ਰੋਕਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕ੍ਰਿਆ ਦੌਰਾਨ ਸਮੂਹ ਸਟਾਫ ਅਤੇ ਲੇਬਰ ਨੂੰ ਮਾਸਕ ਅਤੇ ਸੈਨੇਟਾਈਜਰ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੰਡੀਆਂ ਵਿੱਚ ਛਾਂ, ਪੀਣ ਦਾ ਪਾਣੀ, ਪਖਾਨੇ, ਪੱਖਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਸਹਿਤ ਹੋਰ ਕਿਸੇ ਜ਼ਰੂਰਤ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗ ਅਤੇ ਮਿੱਥੇ ਸਮੇਂ ਅੰਦਰ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਯਕੀਨੀ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੀ ਖਰੀਦ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਜਿਸ ਤਹਿਤ ਮੰਡੀਆਂ ਵਿੱਚ ਹੱਥ ਧੋਣ, ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਬਹੁਤ ਜ਼ਿਆਦਾ ਲੋਕ ਇਕੱਠੇ ਨਾ ਹੋਣ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭੀੜ ਨੂੰ ਕਾਬੂ ਹੇਠ ਰੱਖਣ ਲਈ ਪ੍ਰਸ਼ਾਸਨ ਵਲੋਂ ਪਾਸ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਇਕ ਪਾਸ ’ਤੇ ਇਕ ਟਰਾਲੀ ਹੀ ਮੰਡੀ ਵਿੱਚ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਤੋਂ ਬਚਾਅ ਸਬੰਧੀ ਚਲਾਈ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਤਹਿਤ ਲਾਭਪਾਤਰੀ ਟੀਕਾਕਰਣ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸਾਰੇ ਖਰੀਦ ਕੇਂਦਰਾਂ ਵਿੱਚ ਕੋਵਿਡ ਤੋਂ ਬਚਾਅ ਸਬੰਧੀ ਲਗਾਤਾਰ ਜਾਗਰੂਕਤਾ ਪੈਦਾ ਕਰਦੇ ਰਹਿਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ, ਸਾਫ ਸਫਾਈ ਦਾ ਧਿਆਨ ਰੱਖਣ ਆਦਿ ਸਹਿਤ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਅਪਨੀਤ ਰਿਆਤ ਨੇ ਕਿਹਾ ਕਿ ਸਮੂਚੀ ਖਰੀਦ ਪ੍ਰਕ੍ਰਿਆ ਦੌਰਾਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ, ਇਸ ਦੇ ਲਈ ਅਗੇਤੇ ਤੌਰ ’ਤੇ ਹੀ ਜ਼ਰੂਰ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ ਸੁਥਰੀ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਕਿਸਾਨ ਦੀ ਫ਼ਸਲ ਦੀ ਸੁਚਾਰੂ ਖਰੀਦ ਦੇ ਨਾਲ-ਨਾਲ ਉਨ੍ਹਾਂ ਨੂੰ ਕੋਵਿਡ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਲੇਬਰ ਸਹਿਤ ਮੰਡੀਆਂ ਵਿੱਚ ਆਉਣ ਵਾਲੇ ਅਤੇ ਕੰਮ ਕਰਨ ਦੇ ਦੌਰਾਨ ਹਰ ਵਿਅਕਤੀ ਦੇ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਜ਼ਿਲ੍ਹਾ ਮੰਡੀ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੌਜੂਦਾ ਕੋਰੋਨਾ ਵਾਇਰਸ ਦੇ ਦੌਰ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਲਈ ਸਮੂਹ ਮੰਡੀਆਂ ਵਿੱਚ 30X30 ਫੁੱਟ ਖਾਨੇ ਤਿਆਰ ਕਰਵਾਏ ਗਏ ਹਨ ਤਾਂ ਜੋ ਇਕ ਟਰਾਲੀ ਦੀ ਦੂਜੀ ਟਰਾਲੀ ਤੋਂ ਉਚਿਤ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਦੀ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਵੈਕਸੀਨੇਸ਼ਨ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਆਪਣੀ ਫ਼ਸਲ ਲਿਆਉਂਦੇ ਸਮੇਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੂੰਹ ’ਤੇ ਮਾਸਕ ਦਾ ਪ੍ਰਯੋਗ ਕਰਨ ਅਤੇ ਇਸ ਨਾਲ ਹੀ ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਅਤੇ ਬਾਰ-ਬਾਰ ਹੱਥਾਂ ਨੂੰ ਸੈਨੇਟਾਈਜਰ ਕਰਨ।