ਕਣਕ ਖਰੀਦ ਸੀਜ਼ਨ ਦੌਰਾਨ ਜੀ.ਓ. ਜੀ ਵਲੋਂ ਦਿੱਤਾ ਜਾਵੇਗਾ ਪੂਰਾ ਸਹਿਯੋਗ
ਰਾਜਵੰਤ ਸਿੰਘ
ਮਲੋਟ, 8 ਅਪ੍ਰੈਲ 2021-ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਮਾਰਕੀਟ ਕਮੇਟੀ ਮਲੋਟ ਅਧੀਨ ਆਉਂਦੀਆਂ ਮੁੱਖ ਮੰਡੀ ਮਲੋਟ ਸਮੇਤ 53 ਅਨਾਜ ਮੰਡੀਆਂ ਵਿਚ ਕਣਕ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖਰੀਦ ਕੇਂਦਰਾਂ ਵਿੱਚ ਸਾਫ ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪਖਾਨੇ ਅਤੇ ਹੋਰ ਜਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਫਸਲ ਵੇਚਣ ਲਈ ਮੰਡੀ ਵਿੱਚ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਦੱਸਿਆ ਕਿ ਕਣਕ ਖਰੀਦ ਸੀਜ਼ਨ ਦੌਰਾਨ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਕੱਚਾ ਆੜ੍ਹਤੀਆ ਐਸੋਸ਼ੀਏਸ਼ਨ ਅਤੇ ਜੀ.ਓ.ਜੀ ਟੀਮ ਦਾ ਪੂਰਾ ਸਹਿਯੋਗ ਲਿਆ ਜਾ ਰਿਹਾ ਹੈ। ਸਿੱਧੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਵੀ ਅਨਾਜ ਮੰਡੀਆਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਅਤੇ ਅਨਾਜ ਮੰਡੀਆ ਵਿੱਚ ਹੱਥ ਧੋਣ ਲਈ ਪਾਣੀ ਦੀਆਂ ਟੈਂਕੀਆਂ ਰੱਖੀਆਂ ਗਈਆਂ ਹਨ ਅਤੇ ਕਿਸਾਾਨਾਂ ਤੇ ਮੰਡੀ ਮਜ਼ਦੂਰਾਂ ਨੂੰ ਜੀ.ਓ.ਜੀ ਟੀਮ ਵਲੋਂ ਲਗਾਤਾਰ ਹੱਥ ਧੋਣ, ਮਾਸਕ ਲਾਉਣ ਅਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਕੋਵਿਡ-19 ਦੇ ਚੁਣੌਤੀ ਭਰਪੂਰ ਹਾਲਾਤਾਂ ਦੇ ਚੱਲਦਿਆਂ ਜੀ.ਓ.ਜੀ ਵਲੋਂ ਸਾਰੀਆਂ ਅਨਾਜ ਮੰਡੀਆਂ ਵਿੱਚ ਮੰਡੀ ਬੋਰਡ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਅਨਾਜ ਮੰਡੀਆਂ ਵਿੱਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।