ਸਿੱਖਿਆ ਵਿਭਾਗ ਦੇ ਪੜ੍ਹਾਉਣ ਢੰਗਾਂ ’ਚ ਆਈ ਨਵੀਂ ਕ੍ਰਾਂਤੀ
ਰਜਨੀਸ਼ ਸ਼ਰੀਨ
ਬਰਨਾਲਾ, 8 ਅਪ੍ਰੈਲ 2021-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਏ ਕ੍ਰਾਂਤੀਕਾਰੀ ਸੁਧਾਰਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਤਮ ਵਿਸਵਾਸ਼ ਨਾਲ ਭਰ ਦਿੱਤਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸੈਸ਼ਨ 2021-22 ਲਈ ਚਲਾਈ ਜਾ ਰਹੀ ਦਾਖਲਾ ਮੁਹਿੰਮ ਵਿਦਿਆਰਥੀ ਦਾਖਲਿਆਂ ਵਿੱਚ ਇਜ਼ਾਫੇ ਦੇ ਨਵੇਂ ਕੀਰਤੀਮਾਨ ਸਿਰਜਣ ਵੱਲ ਵਧ ਰਹੀ ਹੈ। ਇਸ ਵਾਰ ਦੀ ਦਾਖਲਾ ਮੁਹਿੰਮ ਵਿੱਚ ਸਵੈ ਇੱਛਾ ਨਾਲ ਮਹਿਲਾ ਅਧਿਆਪਕਾਵਾਂ ਵੱਲੋਂ ਕੀਤੀ ਜਾ ਰਹੀ ਸਰਗਰਮ ਸ਼ਮੂਲੀਅਤ ਮੁਹਿੰਮ ਨੂੰ ਹੋਰ ਵੀ ਪੱਕੇ ਪੈਰੀਂ ਕਰਦੀ ਨਜ਼ਰ ਆ ਰਹੀ ਹੈ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ, ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਦਾਖਲਾ ਮੁਹਿੰਮ ਵਿੱਚ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਸਮੇਤ ਨਾਨ ਟੀਚਿੰਗ ਅਮਲੇ ਅਤੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਵੀ ਲਗਾਤਾਰ ਸਰਗਰਮੀਆਂ ਵਿਖਾਈਆਂ ਜਾ ਰਹੀਆਂ ਹਨ। ਸਕੂਲਾਂ ਦੀਆਂ ਮਹਿਲਾ ਅਧਿਆਪਕਾਵਾਂ ਵੱਲੋਂ ਸਵੈ ਇੱਛਾ ਨਾਲ ਗੁਰੂ ਘਰਾਂ ਦੇ ਸਪੀਕਰਾਂ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਦਾ ਹਿੱਸਾ ਬਣਨ ਨੂੰ ਸਿੱਖਿਆ ਅਧਿਕਾਰੀਆਂ ਨੇ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਵੱਡੇ ਆਕਰਸ਼ਨ ਨੂੰ ਵੇਖਦਿਆਂ ਮੌਜ਼ੂਦਾ ਸੈਸ਼ਨ ਦੌਰਾਨ ਵਿਦਿਆਰਥੀ ਦਾਖਲਿਆਂ ਵਿੱਚ ਵੱਡਾ ਇਜ਼ਾਫ਼ਾ ਹੋਣ ਦੀਆਂ ਸੰਭਾਵਨਾਵਾਂ ਹਨ। ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਵਾਲੇ ਮਾਪਿਆਂ ਨੂੰ ਬਿਹਤਰ ਪੜ੍ਹਾਈ ਦਾ ਵਿਸਵਾਸ਼ ਵੀ ਦਵਾਇਆ।
ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੇ ਹੈਡਮਿਸਟ੍ਰੈਸ ਸੁਰੇਸ਼ਟਾ ਸ਼ਰਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਦੇ ਅਮਨਪ੍ਰੀਤ ਕੌਰ ਹਿੰਦੀ ਮਿਸਟ੍ਰੈਸ ਅਤੇ ਮਲਕੀਤ ਕੌਰ ਸਮਾਜਿਕ ਸਿੱਖਿਆ ਮਿਸਟ੍ਰੈਸ, ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਦੇ ਸਤਵੀਰ ਕੌਰ ਈਟੀਟੀ ਅਧਿਆਪਕਾ ਵੱਲੋਂ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਬਰਿੰਦਰ ਕੌਰ ਹਿੰਦੀ ਮਿਸਟ੍ਰੈਸ ਵੱਲੋਂ ਬਾਕੀ ਸਟਾਫ਼ ਦੇ ਸਹਿਯੋਗ ਨਾਲ ਪਿੰਡ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਦੇ ਅੰਮਿ੍ਰਤਪਾਲ ਕੌਰ ਅੰਗਰੇਜ਼ੀ ਮਿਸਟ੍ਰੈਸ ਵੱਲੋਂ ਗਲੀ-ਗਲੀ ਘੁੰਮਕੇ ਸਪੀਕਰ ਤੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਮਾਪਿਆਂ ਨੂੰ ਜਾਣੂ ਕਰਵਾਉਂਂਦਿਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।