- ਸਿਵਲ ਲਾਈਨ, ਬੁੱਧ ਰਾਮ ਕਲੋਨੀ, ਊਨਾ ਰੋਡ ਅਤੇ ਮਾਲ ਰੋਡ ਆਦਿ ਖੇਤਰਾਂ ਨੂੰ ਹੋਵੇਗਾ ਵੱਡਾ ਫਾਇਦਾ
ਹੁਸ਼ਿਆਰਪੁਰ, 9 ਅਪ੍ਰੈਲ 2021 - ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 5 ਵਿੱਚ ਇੰਡੋਰ ਸਟੇਡੀਅਮ ਵਿਖੇ ਟਿਊਬਵੈਲ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਹਰ ਪੱਧਰ ’ਤੇ ਲੋੜੀਂਦਾ ਵਿਕਾਸ ਕਰਵਾਇਆ ਜਾ ਰਿਹਾ ਹੈ।
ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈਲ ਨੂੰ ਸ਼ੁਰੂ ਕਰਵਾਉਣ ਉਪਰੰਤ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਚੰਗੀ ਕੁਆਲਟੀ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਘਾਟ ਨਾਲ ਜੂਝ ਰਹੇ ਵੱਖ-ਵੱਖ ਜ਼ਿਲਿ੍ਹਆਂ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਦੇ ਦਿਹਾਤੀ ਖੇਤਰ ਸ਼ਾਮਲ ਹਨ ਵਿੱਚ ਪੰਜਾਬ ਸਰਕਾਰ ਵਲੋਂ ਸਤਹ ਜਲ ਸਪਲਾਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਲਈ 2021-22 ਦੇ ਬਜਟ ਦੌਰਾਨ ਕਰੀਬ 911 ਕਰੋੜ ਰੁਪਏ ਦੇ ਖਰਚੇ ਨਾਲ 673 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਟਿਊਬਵੈਲ ਦੇ ਸ਼ੁਰੂ ਹੋਣ ਨਾਲ ਸਿਵਲ ਲਾਈਨ, ਬੁੱਧ ਰਾਮ ਕਲੋਨੀ, ਊਨਾ ਰੋਡ ਅਤੇ ਮਾਲ ਰੋਡ ਆਦਿ ਖੇਤਰਾਂ ਨੂੰ ਲੋੜੀਂਦੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਮੀਨਾ ਸ਼ਰਮਾ, ਵਿਨੋਦ ਕਪੂਰ, ਲਕਸ਼ਮੀ ਨਰਾਇਣ, ਰਾਮ ਪਾਲ ਸ਼ਰਮਾ, ਵਰੁਣ ਸ਼ਰਮਾ,ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਅਨਿਲ ਕੁਮਾਰ ਅਤੇ ਚਰਨਜੀਤ ਸਿੰਘ ਅਰੋੜਾ ਆਦਿ ਮੌਜੂਦ ਸਨ।