- ਵਿਧਾਇਕ ਪਵਨ ਆਦੀਆ ਨੇ ਚੁੱਣੇ ਗਈ ਪ੍ਰਾਰਥੀਆਂ ਨੂੰ ਸੌਂਪੇ ਨਿਯੁਕਤੀ ਪੱਤਰ
- 10 ਅਪ੍ਰੈਲ ਨੂੰ ਬੀ.ਡੀ.ਪੀ.ਓ ਦਫ਼ਤਰ ਟਾਂਡਾ ’ਚ ਲੱਗੇਗਾ ਰੋਜ਼ਗਾਰ ਮੇਲਾ
ਹੁਸ਼ਿਆਰਪੁਰ, 9 ਅਪ੍ਰੈਲ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ 7ਵੇਂ ਮੈਗਾ ਰੋਜ਼ਗਾਰ ਮੇਲਿਆਂ ਦੀ ਲੜੀ ਵਿੱਚ ਬੀ.ਡੀ.ਪੀ.ਓ. ਦਫ਼ਤਰ ਭੂੰਗਾ ਵਿੱਚ ਰੋਜ਼ਗਾਰ ਮੇਲਾ ਸਫ਼ਲਤਾਪੂਰਵਕ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਟੀਚਿੰਗ ਨਾਲ ਸਬੰਧਤ ਯੋਗਤਾ ਵਾਲੇ 322 ਜ਼ਰੂਰਤਮੰਦ ਪ੍ਰਾਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿਸ ਵਿਚੋਂ 173 ਪ੍ਰਾਰਥੀਆਂ ਦੀ ਮੌਕੇ ’ਤੇ ਹੀ ਚੋਣ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਆਦੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਚੁੱਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਨਾਮੀ ਕੰਪਨੀਆਂ ਜਿਸ ਵਿੱਚ ਸੀ.ਐਸ.ਸੀ. (ਗ੍ਰਾਮ ਸੁਵਿਧਾ ਕੇਂਦਰ), ਸੈਂਚੁਰੀ ਪਲਾਈਵੁੱਡ, ਹੁਸ਼ਿਆਰਪੁਰ, ਆਟੋਮੋਬਾਇਲਸ, ਸੈਟਿਨ ਕ੍ਰੈਡਿਟ ਕੇਅਰ, ਮਾਊਂਟ ਕਾਰਮਲ ਸਕੂਲ, ਐਸ.ਡੀ. ਪਬਲਿਕ ਸਕੂਲ, ਐਸ.ਬੀ.ਆਈਫ ਇੰਸ਼ੋਰੈਂਸ ਅਤੇ ਰਾਸ਼ਟਰੀ ਕੰਪਨੀਆਂ ਮਾਈਕ੍ਰੋਟੈਕ, ਮਾਈਕ੍ਰੋਟਰਨਰ ਅਤੇ ਗਲੈਨਮਾਰਕ ਆਦਿ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਨੂੰ ਬੀ.ਡੀ.ਪੀ.ਓ ਦਫ਼ਤਰ ਟਾਂਡਾ ਵਿੱਚ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਲਾਕੇ ਦੇ ਜ਼ਰੂਰਤਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਪ੍ਰਾਰਥੀ pgrkam.com ’ਤੇ ਜਾ ਕੇ ਨੌਕਰੀ ਦੇ ਲਈ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਵੱਧ ਤੋਂ ਵੱਧ ਜਾਣਕਾਰੀ ਦੇ ਲਈ ਦਫ਼ਤਰ ਦੇ ਫੇਸਬੁੱਕ ਪੇਜ ਡੀਬੀਈਈ ਹੁਸ਼ਿਆਰਪੁਰ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62801-97701 ਤੋਂ ਵੀ ਪ੍ਰਾਪਤ ਕਰ ਸਕਦੇ ਹਨ।