ਅਸ਼ੋਕ ਵਰਮਾ
ਬਠਿੰਡਾ , 9 ਅਪ੍ਰੈਲ 2021 - ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ ਨੇ ਡੇਂਗੂ ਅਤੇ ਮਲੇਰੀਆਂ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨ ਤੇਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਏ ਡੀ ਸੀ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿਛਲੇ ਸਾਲ ਡੇਂਗੂ ਅਤੇ ਮਲੇਰੀਆਂ ਸਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਨਾਲ ਨਾਲ ਨਵੇਂ ਵਿੱਤੀ ਸਾਲ ਵਿੱਚ ਕੀਤੀਆਂ ਜਾਣ ਵਾਲੀਆਂ ਲੋੜੀਂਦੀਆਂ ਕਾਰਵਾਈਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ।
ਬੈਠਕ ਦੌਰਾਨ ਸ੍ਰੀ ਬਰਾੜ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਲਈ ਵੱਧ ਤੋਂ ਵੱਧ ਲਾਰਵੇ ਸਬੰਧੀ ਚੈਕਿੰਗ ਕੀਤੀ ਜਾਵੇ।
ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਪਏ ਗਮਲਿਆਂ, ਕਬਾੜ ਦੀਆਂ ਦੁਕਾਨਾਂ, ਟਾਇਰਾਂ ਦੇ ਪੈਂਚਰ ਵਾਲੀਆਂ ਦੁਕਾਨਾਂ, ਪੁਲਿਸ ਸਟੇਸ਼ਨਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਟਰੱਕ ਯੂਨੀਅਨ ਆਦਿ ਦੀ ਖਾਸ ਤੌਰ ’ਤੇ ਚੈਕਿੰਗ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਾਣੀ ਦੀ ਲੀਕੀਜ਼ ਵਾਲੇ ਸਥਾਨਾਂ ਦੀ ਖਾਸ ਤੌਰ ’ਤੇ ਚੈਕਿੰਗ ਕਰਨ ਲਈ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਡੇਂਗੂ ਅਤੇ ਮਲੇਰੀਆਂ ਤੋਂ ਬਚਣ ਲਈ ਧਾਰਮਿਕ ਸਥਾਨਾਂ ਤੇ ਮੁਨਿਆਦੀ ਕਰਵਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਵਿੱਚ ਪਾਣੀ ਦੀਆਂ ਟੈਕੀਆਂ ਦੀ ਹਰ ਸ਼ੁੱਕਰਵਾਰ ਸਫਾਈ ਕਰਵਾਉਣੀ ਯਕੀਨੀ ਬਣਾਉਣ। ਇਸ ਮੌਕੇ ਜ਼ਿਲ੍ਹਾ ਮਲੇਰੀਆਂ ਅਫ਼ਸਰ ਡਾ.ਸੁਮੀਤ ਨੇ ਦੱਸਿਆ ਕਿ ਮਲੇਰੀਆਂ ਅਤੇ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਲੇਰੀਆਂ ਅਤੇ ਡੇਂਗੂ ਦਾ ਇਲਾਜ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਅਤੇ ਲਾਰਵੇ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ, ਵਾਟਰ ਸਪਲਾਈ, ਨਗਰ ਨਿਗਮ, ਸੀਵਰੇਜ਼ ਬੋਰਡ, ਮੱਛੀ ਪਾਲਣ, ਨਹਿਰੀ ਵਿਭਾਗ ਅਤੇ ਬੀ ਐਂਡ ਆਰ ਆਦਿ ਦੇ ਅਧਿਕਾਰੀਆ ਵੱਲੋਂ ਆਪੋ-ਆਪਣੇ ਵਿਭਾਗਾਂ ਵਿੱਚ ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਅਤੇ ਜਾਗਰੂਕਤਾ ਸਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਇਸ ਦੌਰਾਨ ਏ ਡੀ ਸੀ ਬਠਿੰਡਾ ਨੇ ਕਰੋਨਾਂ ਤੋਂ ਬਚਾਅ ਲਈ ਕੀਤੀ ਜਾ ਰਹੀ ਵੈਕਸੀਨੈਸ਼ਨ ਲਈ 45 ਤੋਂ ਉਚੇਰੀ ਉਮਰ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਕਰੋਨਾ ਵੈਕਸੀਨੈਸ਼ਨ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਵਿਭਾਗ ਕੈਂਪ ਲਗਾ ਕੇ 100 ਤੱਕ ਕਰਮਚਾਰੀਆਂ ਨੂੰ ਇਕੱਤਰ ਕਰਵਾ ਕੇੇ ਵੈਕਸੀਨੈਸ਼ਨ ਕਰਵਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਮੀਨਾਕਸ਼ੀ ਸਿੰਗਲਾ, ਸਹਾਇਕ ਸਿਵਲ ਸਰਜਨ ਡਾ.ਅਨੁਪਮਾ ਸ਼ਰਮਾ, ਜ਼ਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਸ਼ਾਮਿਲ ਹੋਏ।