ਅਸ਼ੋਕ ਵਰਮਾ
ਬਠਿੰਡਾ,9 ਅਪਰੈਲ2021: ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਦੇ 122 ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਲਈ ਚੋਣ ਹੋਈ ਹੈ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਚੱਲ ਰਹੇ ਵੱਖ-ਵੱਖ 9 ਕੋਰਸਾਂ ਦੇ ਇਹਨਾਂ ਆਖਰੀ ਸਾਲ ਦੇ ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਦੀ ਚੋਣ ਕੋਵਿਡ-19 ਦੀ ਮਹਾਂਮਾਰੀ ਸਮੇਂ ਆਨਲਾਈਨ ਤਰੀਕੇ ਨਾਲ ਕੀਤੀ ਗਈ ਹੈ। ਇਹਨਾਂ ਵਿਚੋਂ ਕੁਝ ਵਿਦਿਆਰਥੀਆਂ ਨੇ ਆਪਣੀ ਨੌਕਰੀ ਜੁਆਇੰਨ ਵੀ ਕਰ ਲਈ ਹੈ ਅਤੇ ਬਾਕੀ ਵਿਦਿਆਰਥੀ ਆਖਰੀ ਸਾਲ ਦਾ ਰਿਜਲਟ ਆਉਣ ਉਪਰੰਤ ਆਪਣੀ ਨੌਕਰੀ ਜੁਆਇੰਨ ਕਰਨਗੇ। ਉਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ।
ਉਹਨਾਂ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਸਾਲ ਨੌਕਰੀ ਦੇ ਚਾਹਵਾਨ ਸਾਰੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋ ਚੁੱਕੀ ਹੈ ਅਤੇ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਮੱਦੇਨਜ਼ਰ ਕਾਲਜ ਵੱਲੋਂ ਵੱਖੋ-ਵੱਖਰੀਆਂ ਕੰਪਨੀਆਂ ਅਤੇ ਅਦਾਰਿਆਂ ਨਾਲ 61 ਐਮ.ਓ.ਯੂ ਸਾਈਨ ਕੀਤੇ ਹੋਏ ਹਨ। ਇਸ ਤੋਂ ਇਲਾਵਾ ਇਸ ਪਾਲੀਟੈਕਨਿਕ ਕਾਲਜ ਨੂੰ 100ਫੀਸਦੀ ਦਾਖਲੇ, ਰਿਜ਼ਲਟ ਅਤੇ ਪਲੇਸਮੈਂਟ ਕਾਰਨ ਉੱਤਰੀ ਭਾਰਤ ਵਿਚੋਂ ਸਾਲ 2019-20 ਦਾ ਆਊਟ ਸਟੈਡਿੰਗ ਇੰਸਟੀਚਿਊਸ਼ਨ ਅਵਾਰਡ ਵੀ ਮਿਲਿਆ ਹੈ ਜੋਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਮਿਲ ਚੁੱਕਾ ਹੈ।
ਇਸ ਮੌਕੇ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਡਾ. ਸੁਸ਼ੀਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਵਿੱਚ ਇਲੈਕਟ੍ਰੀਕਲ ਇੰਜੀ: ਦੇ 27, ਮਕੈਨੀਕਲ ਇੰਜੀ: ਦੇ 19, ਸਿਵਲ ਇੰਜੀ: ਦੇ 18, ਫਾਰਮੇਸੀ ਦੇ 13, ਆਰਕੀਟੈਕਚਰ ਅਸਿਸਟੈਂਟਸ਼ਿੱਪ ਦੇ 8, ਆਈ.ਟੀ ਦੇ 10, ਪ੍ਰੋਡਕਸ਼ਨ ਇੰਜੀ: ਦੇ 3, ਈ.ਸੀ.ਈ ਦੇ 6 ਅਤੇ ਕੰਪਿਊਟਰ ਸਾਇੰਸ ਇੰਜੀ: ਦੇ 18 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਇਸ ਤੋਂ ਇਲਾਵਾ ਇਸ ਸਾਲ ਦੋਰਾਨ ਹੀ ਪਿਛਲੇ ਸਾਲਾਂ ਦੌਰਾਨ ਪਾਸ ਹੋਏ 15 ਵਿਦਿਆਰਥੀਆਂ ਦੀ ਚੋਣ ਵੀ ਹੋਈ ਹੈ।
ਇਹਨਾਂ ਵਿਦਿਆਰਥੀਆਂ ਦੀ ਚੋਣ ਨਾਮੀ ਕੰਪਨੀਆਂ ਜਿਵੇਂ ਕਿ ਕੋਯੋ ਬੀਅਰਿੰਗ, ਕਿ੍ਰਸ਼ਨਾ ਮਾਰੂਤੀ, ਸਟਾਰ ਟ੍ਰਾਂਸਫਾਰਮਰਜ਼ ਲਿਮਟਿਡ, ਐਮ.ਆਰ ਕੰਡਕਟਰਜ਼, ਜੇ.ਆਰ.ਟ੍ਰਾਂਸਫਾਰਮਰਜ਼, ਇਨਫੋਵਿਜ਼ ਸਾਫਟਵੇਅਰ ਸਿਲਊਸ਼ਨਜ, ਰਾਜਾ ਮੋਟਰਜ, ਬਠਿੰਡਾ ਸੈਰਾਮਿਕਸ ਪ੍ਰਾਈਵੇਟ ਲਿਮਿਟਡ, ਡਬਲਿਊ .ਐਚ.ਐਸ. ਚੈਰੀਟੇਬਲ ਟਰੱਸਟ ਨਵੀਂ ਦਿੱਲੀ ਆਦਿ ਵਿੱਚ ਚੋਣ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਦੇ ਪਾਸ ਆਊਟ ਵਿਦਿਆਰਥੀ ਪਹਿਲਾਂ ਵੀ ਦੇਸ਼, ਵਿਦੇਸ਼ ਦੀਆਂ ਨਾਮੀ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਵਿੱਚ ਉੱਚ ਅਹੁਦਿਆਂ ਤੇ ਨੌਕਰੀ ਕਰ ਰਹੇ ਹਨ।