ਅਸ਼ੋਕ ਵਰਮਾ
ਬਠਿੰਡਾ,9 ਅਪਰੈਲ2021:ਬਠਿੰਡਾ ਪ੍ਰਸ਼ਾਸ਼ਨ ਕਣਕ ਦੀ ਖਰੀਦ ਲਈ ਕਰੋਨਾ ਨੂੰ ਦੇਖਦਿਆਂ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਪ੍ਰਬੰਧ ਕਰਨ ’ਚ ਫੇਲ੍ਹ ਸਾਬਤ ਹੋਇਆ ਹੈ। ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਨੂੰ ਬਠਿੰਡਾ ਜਿਲ੍ਹੇ ਦੇ 183 ਖਰੀਦ ਕੇਂਦਰਾਂ ’ਚ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ ਬਠਿੰਡਾ ਪ੍ਰਸ਼ਾਸ਼ਨ ਨੇ ਲੋਕ ਸੰਪਰਕ ਵਿਭਾਗ ਰਾਹੀਂ ਪ੍ਰੈਸ ਨੋਟ ਜਾਰੀ ਕਰਕੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ ਪਰ ਹਕੀਕਤ ਇਸ ਦੇ ਉਲਟ ਹੈ। ਅੱਜ ਪੱਤਰਕਾਰਾਂ ਨ ਦੇਖਿਆ ਕਿ ਕੋਵਿਡ 19 ਦੇ ਸੰਕਟ ਨੂੰ ਦੇਖਦਿਆਂ ਅਜੇ ਤੱਕ ਬਾਕਸ ਨਹੀਂ ਬਣਾਏ ਹਨ ਜਦੋਂਕਿ ਸਰਕਾਰ ਦੀ ਹਦਾਇਤ ਤੇ ਇਹ ਜਰੂਰੀ ਹੈ। ਇਸ ਦੇ ਨਾਲ ਹੀ ਸੈਨੇਟਾਈਜ਼ਿੰਗ ਲਈ ਢੁੱਕਵਾਂ ਇੰਤਜਾਮ ਵੀ ਕਿਧਰੇ ਨਹੀਂ ਦਿਖਾਈ ਦਿੱਤਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ 2021 ਨੂੰ ਸ਼ੁਰੂ ਹੋਵੇਗੀ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਪੂਰੀ ਤਰ੍ਹਾਂ ਸੁੱਕੀ ਤੇ ਸਾਫ਼-ਸੁਥਰੀ ਫ਼ਸਲ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੀ ਖ਼ਰੀਦ ਪ੍ਰਕ੍ਰਿਆ ਦੇ ਦੌਰਾਨ ਕਿਸਾਨਾਂ ਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਅਨਾਜ ਮੰਡੀਆਂ ਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਦੇ ਲਈ ਸ਼ੈਡ, ਪੀਣ ਦਾ ਪਾਣੀ ਅਤੇ ਰੋਸ਼ਨੀ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਣਾਏ ਗਏ ਖਰੀਦ ਕੇਂਦਰਾਂ ਵਿੱਚ ਸਫਾਈ ਦੀ ਵਿਵਸਥਾ ਦੇ ਕਾਰਜ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਲਈ ਸਾਫ਼ ਪੀਣ ਵਾਲੇ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਸਰਕਾਰ ਵਲੋਂ ਖਰੀਦਿਆ ਜਾਵੇਗਾ।
ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਸਾਲ 10 ਲੱਖ 1 ਹਜ਼ਾਰ 76 ਐਮ.ਟੀ. ਕਣਕ ਦੀ ਫਸਲ ਦੀ ਖਰੀਦ ਕੀਤੀ ਗਈ ਸੀ, ਜਦਕਿ ਇਸ ਵਾਰ 10 ਲੱਖ 31 ਹਜ਼ਾਰ 130 ਐਮ.ਟੀ. ਕਣਕ ਆਉਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲ੍ਹਾ ਮੰਡੀ ਅਫ਼ਸਰ ਕੰਵਲਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁੱਲ 183 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਵੀ ਦਾਅਵਾ ਕੀਤਾ ਕਿ ਖ਼ਰੀਦ ਦੇ ਮੱਦੇਨਜ਼ਰ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇੇ ਹਨ।
ਪ੍ਰਸ਼ਾਸਨ ਸੰਜੀਦਾ ਨਹੀਂ -ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਸਰਕਾਰਾਂ ਦੀਆਂ ਨੀਤੀਆਂ ਕਿਸਾਨਾਂ ਨੂੰ ਖੱਜਲਖੁਆਰ ਕਰਨ ਵਾਲੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਸੰਜੀਦਾ ਹੁੰਦਾ ਤਾਂ ਹੁਣ ਤੱਕ ਸਭ ਪ੍ਰਬੰਧ ਕਰ ਲਏ ਜਾਣੇ ਸਨ। ਉਨ੍ਹਾਂ ਆਖਿਆ ਕਿ ਜੇਕਰ ਖਰੀਦ ਦੇ ਮਾਮਲੇ ’ਚ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਸੂਬਾ ਸਰਕਾਰ ਖਿਲਾਫ ਸੜਕਾਂ ਤੇ ਉੱਤਰਨਗੇ।