ਚਰਨਜੀਤ ਸਿੰਘ ਚੱਢਾ ਨੂੰ ਅਕਾਲ ਤਖਤ ਸਾਹਿਬ ਵਲੋਂ ਮਿਲੀ ਕਲੀਨ ਚਿੱਟ 'ਤੇ ਰੋਕ ਲਗਾਉਣ ਦੀ ਮਂਗ
ਅੰਮ੍ਰਿਤਸਰ,9 ਅਪ੍ਰੈਲ,2021:ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਲੀਨ ਚਿੱਟ ਮਿਲ ਗਈ ਹੈ। ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦੇਣ ਸਬੰਧੀ ਰਵਿੰਦਰ ਕੌਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਰਾਹੀਂ ਚੱਢਾ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਰੱਦ ਕਰਨ ਲਈ ਕਿਹਾ ਹੈ। ਇਸ ਪੱਤਰ ਵਿੱਚ ਰਵਿੰਦਰ ਕੌਰ ਜੋ ਕਿ ਬਹੁ ਚਰਚਿਤ ਸੀਸੀਟੀਵੀ ਕਾਂਡ ਦੀ ਪੀੜਤਾ ਹੈ ਵੱਲੋਂ ਚਰਨਜੀਤ ਸਿੰਘ ਚੱਢਾ ਦੇ ਖ਼ਿਲਾਫ਼ ਐਫਆਈਆਰ ਅਤੇ ਅਦਾਲਤ ਵਿੱਚ ਕੇਸ ਵੀ ਦਰਜ ਕਰਵਾਇਆ ਗਿਆ ਹੈ। ਇਸ ਬਾਰੇ ਲਿਖਦੇ ਹੋਏ ਰਵਿੰਦਰ ਕੌਰ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਗਲਤ ਤੱਥ ਪੇਸ਼ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸਲ ਵਿੱਚ ਉਹ ਬਹੁਤ ਹੀ ਘਟੀਆ ਅਤੇ ਘਮੰਡੀ ਕਿਸਮ ਦਾ ਇਨਸਾਨ ਹੈ। ਜਿਸ ਨੇ ਉਸ ਨੂੰ (ਰਵਿੰਦਰ ਕੌਰ) ਸਮਾਜਿਕ ਅਤੇ ਮਾਨਸਿਕ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਪ੍ਰਤਾਡ਼ਿਤ ਕੀਤਾ ਹੈ ।
ਹਰਵਿੰਦਰ ਕੌਰ ਨੇ ਅੱਗੇ ਲਿਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਮਿਲਣ ਦੇ ਨਾਲ ਉਸ ਵੱਲੋਂ ਚਰਨਜੀਤ ਸਿੰਘ ਚੱਢਾ ਉਤੇ ਕੀਤੇ ਗਏ ਅਦਾਲਤੀ ਕੇਸਾਂ ਉੱਤੇ ਮਾੜਾ ਅਸਰ ਪਵੇਗਾ ਅਤੇ ਚਰਨਜੀਤ ਸਿੰਘ ਚੱਢਾ ਇਸ ਵਿੱਚ ਆਪਣਾ ਫ਼ਾਇਦਾ ਚੁੱਕ ਸਕਦਾ ਹੈ। ਰਵਿੰਦਰ ਕੌਰ ਨੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਉਸ ਦੀ ਇੱਕ ਸੀਡੀ ਵੀ ਬਣਾ ਲਈ ਸੀ ਜਿਸ ਨੂੰ ਲੈ ਕੇ ਉਹ ਉਸ ਨੂੰ ਬਲੈਕਮੇਲ ਵੀ ਕਰਦਾ ਰਿਹਾ ਹੈ ਰਵਿੰਦਰ ਕੌਰ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਦਾ ਪੱਖ ਸੁਣਨ ਲਈ ਦੁਬਾਰਾ ਅਪੀਲ ਕੀਤੀ ਹੈ।