ਸੰਯੁਕਤ ਰਾਸ਼ਟਰ ਸੰਘ ਦੇ 'ਫੇਥ ਫਾਰ ਅਰਥ ਕੌਂਸਲਰ ਪ੍ਰੋਗਰਾਮ' ਵਿੱਚ ਪਵਿੱਤਰ ਵੇਈਂ ਦੀ ਸੇਵਾ ਦੀ ਸ਼ਲਾਘਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਅਪ੍ਰੈਲ 2021: ਸੰਯੁਕਤ ਰਾਸ਼ਟਰ ਸੰਘ ਦੇ ਵਾਤਾਵਰਨ ਪ੍ਰੋਗਰਾਮ ਨੂੰ ਯੂਨਾਈਟਡ ਰਿਲੀਜ਼ਨ ਇਨੀਸ਼ੀਏਟਿਵ ,ਵਰਲਡ ਰੀਲੀਜ਼ਨ ਅਤੇ ਸ੍ਰਿਸ਼ਟੀ ਸੰਸਥਾਵਾਂ ਵੱਲੋਂ 08 ਅਤੇ 09 ਅਪ੍ਰੈਲ ਨੂੰ ਦੋ ਦਿਨਾ ਆਨਲਾਈਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਲਈ ਕੰਮ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਮਕਸਦ ਵਾਤਾਵਰਨ ਦੀ ਸਾਂਭ ਸੰਭਾਲ ਲਈ ਐਕਸ਼ਨ ਪਲਾਨ ਤਿਆਰ ਕਰਨਾ ਅਤੇ ਵੱਖ ਵੱਖ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਉਸ ਨੂੰ ਨੇਪਰੇ ਚਾੜ੍ਹਨ ਲਈ ਯਤਨ ਕਰਨਾ ਸੀ। ਸੰਯੁਕਤ ਰਾਸ਼ਟਰ ਸੰਘ ਇਸ ਦਹਾਕੇ ਨੂੰ ਵਾਤਾਵਰਨ ਨੂੰ ਸਮਰਪਿਤ ਕਰਨ ਜਾ ਰਿਹਾ ਹੈ ਅਤੇ ਜਿਸ ਦਾ ਟਾਰਗੈੱਟ ਵਾਤਾਵਰਨ ਸਬੰਧੀ 2030 ਤੱਕ ਨਿਸ਼ਚਿਤ ਟੀਚਿਆਂ ਨੂੰ ਹਾਸਲ ਕਰਨਾ ਹੈ। ਇਹ ਪ੍ਰੋਗਰਾਮ ਵੀ ਇਕ ਇਸੇ ਲੜੀ ਦਾ ਹਿੱਸਾ ਹੈ ਅਤੇ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮਕਸਦ ਫੇਥ ਫਾਰ ਅਰਥ ਕੌਂਸਲਰ ਬਣਾ ਕੇ ਅਤੇ ਅੱਗੋਂ ਉਨ੍ਹਾਂ ਦੁਬਾਰਾ ਜ਼ਮੀਨੀ ਪੱਧਰ ਤੇ ਵਾਤਾਵਰਨ ਦੀ ਸਾਂਭ ਸੰਭਾਲ ਦੇ ਕਾਰਜਾਂ ਨੂੰ ਫੈਲਾਉਣਾ ਅਤੇ ਅਮਲ ਵਿੱਚ ਲਿਆਉਣਾ ਹੈ। ਇਸ ਪ੍ਰੋਗਰਾਮ ਵਿਚ ਸਾਰੇ ਹੀ ਧਰਮਾਂ ਦੇ ਪ੍ਰਚਾਰਕਾਂ ਨੇ ਵੱਖ ਵੱਖ ਧਰਮਾਂ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਕੁਦਰਤ ਨਾਲ ਇਕਮਿਕ ਹੋਣ ਦੀ ਫਿਲਾਸਫੀ ਨੂੰ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਹੀ ਵਿਦਵਾਨ ,ਪ੍ਰਬੰਧਕ ਅਤੇ ਮਾਹਰ ਇਸ ਗੱਲ ਤੇ ਇਕਮੱਤ ਸਨ ਕਿ ਜੇਕਰ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣਾ ਅਤੇ ਕੁਦਰਤ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ ਤਾਂ ਧਰਮ ਆਧਾਰਤ ਸੰਸਥਾਵਾਂ ਇਸ ਵਿਚ ਮੁੱਖ ਰੋਲ ਅਦਾ ਕਰ ਸਕਦੀਆਂ ਹਨ ਕਿਉਂਕਿ ਧਰਮ ਦਾ ਮਨੁੱਖ ਦੀ ਜ਼ਿੰਦਗੀ ਤੇ ਡੂੰਘਾ ਪ੍ਰਭਾਵ ਹੈ ਅਤੇ ਇਨ੍ਹਾਂ ਸੰਸਥਾਵਾਂ ਦੀ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚ ਹੈ।
ਸਿੱਖ ਧਰਮ ਦੀ ਵਾਤਾਵਰਨ ਦੀ ਸਾਂਭ ਸੰਭਾਲ ਦੀ ਫਿਲਾਸਫੀ, ਸੰਦੇਸ਼ ਅਤੇ ਗੁਰੂ ਸਾਹਿਬਾਨਾਂ ਦੇ ਕੁਦਰਤ ਨਾਲ ਇਕਮਿਕ ਹੋਏ ਜੀਵਨ ਅਤੇ ਪ੍ਰਚਾਰ ਦੇ ਸੰਦੇਸ਼ ਨੂੰ 'ਈਕੋ ਸਿੱਖ' ਸੰਸਥਾ ਵੱਲੋਂ ਰਵਨੀਤ ਸਿੰਘ ਨੇ ਪੇਸ਼ ਕੀਤਾ । ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਨਦੀਆਂ ਦੀ ਸ਼ੁੱਧਤਾ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਕੰਮ ਕਰ ਰਹੀ ਸੰਸਥਾ ਇੱਕ ਉਂਕਾਰ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਅਤੇ ਪ੍ਰੋ. ਕੁਲਵਿੰਦਰ ਸਿੰਘ ਨੇ ਭਾਗ ਲਿਆ ।ਇਸ ਮੌਕੇ ਪਿਨਾਕੀ ਦਾਸ ਗੁਪਤਾ ਸਕੱਤਰ ਸ੍ਰਿਸ਼ਟੀ ਫਾਊਂਡੇਸ਼ਨ ਨੇ ਵਿਸ਼ੇਸ਼ ਤੌਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੁਆਰਾ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇਕ ਧਾਰਮਿਕ ਸੰਸਥਾ ਦੁਆਰਾ ਲੋਕਾਂ ਦੇ ਸਹਿਯੋਗ ਨਾਲ ਵਾਤਾਵਰਣ ਦੇ ਖੇਤਰ ਵਿਚ ਕੀਤੇ ਇਕ ਬਿਹਤਰੀਨ ਕਾਰਜ ਦੀ ਉਦਾਹਰਣ ਵਜੋਂ ਪੇਸ਼ ਕੀਤਾ ।ਇਸ ਪ੍ਰੋਗਰਾਮ ਵਿਚ ਸ.ਪ੍ਰੋ.ਕੁਲਵਿੰਦਰ ਸਿੰਘ ਅਤੇ ਸ. ਪਾਲ ਸਿੰਘ ਨੌਲੀ ਜੀ ਨੇ ਸੰਤ ਸੀਚੇਵਾਲ ਜੀ ਦੇ ਦੁਆਰਾ ਕੀਤੇ ਗਏ ਕਾਰਜਾਂ ਬਾਰੇ ਦੱਸਦਿਆਂ ਵਿਸ਼ੇਸ਼ ਤੌਰ ਤੇ ਸੀਚੇਵਾਲ ਮਾਡਲ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸੰਤ ਸੀਚੇਵਾਲ ਜੀ ਦੁਆਰਾ ਬਣਾਇਆ ਇਹ ਬੜਾ ਹੀ ਕਾਰਗਰ ਮਾਡਲ ਪੂਰੇ ਭਾਰਤ ਵਿੱਚ ਲਾਗੂ ਹੋ ਸਕਦਾ ਹੈ ਅਤੇ ਗੰਧਲੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਲਈ ਵਰਤਣ ਦੇ ਇਸ ਮਾਡਲ ਦੇ ਲਾਗੂ ਹੋਣ ਨਾਲ ਜ਼ਮੀਨ ਹੇਠਲਾ ਪਾਣੀ ਵੀ ਬਚਦਾ ਹੈ ਅਤੇ ਵੇਈਆਂ ਦਰਿਆ ਵੀ ਪ੍ਰਦੂਸ਼ਤ ਹੋਣੋਂ ਬਚ ਜਾਂਦੇ ਹਨ ਅਤੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।
ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਸੰਸਥਾਵਾਂ ਵਾਤਾਵਰਨ ਦੇ ਖੇਤਰ ਵਿਚ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਐਕਸ਼ਨ ਪਲਾਨ 30 ਅਪ੍ਰੈਲ ਤੱਕ ਤਿਆਰ ਕਰਨਗੀਆਂ ਅਤੇ ਜਿਸ ਆਧਾਰ ਤੇ ਇਕ ਸਾਂਝਾ ਰੋਡਮੈਪ ਤਿਆਰ ਕੀਤਾ ਜਾਵੇਗਾ ਅਤੇ ਸਾਰੀਆਂ ਸੰਸਥਾਵਾਂ ਇੱਕ ਦੂਜੇ ਦੇ ਸਹਿਯੋਗ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਨਗੀਆਂ ।