ਅਮਰੀਕੀ ਕਾਂਗਰਸ ਦੇ ਰਿਕਾਰਡ ਵਿਚ ਦਰਜ ਹੋਇਆ ਖਾਲਸਾ ਸਾਜਣਾ ਦਿਵਸ
ਵਾਸ਼ਿੰਗਟਨ, 10 ਅਪ੍ਰੈਲ, 2021: 117ਵੀਂ ਅਮਰੀਕੀ ਕਾਂਗਰਸ ਦੇ ਪਹਿਲੇ ਸ਼ੈਸ਼ਨ ਵਿੱਚ ਅਪ੍ਰੈਲ 10, 2021 ਨੂੰ ਫਾਈਨਾਂਸ ਕਮੇਟੀ ਦੇ ਕਾਂਗਰਸਮੈਨ ਚੇਅਰਮੈਨ ਰਿਚਰਡ ਈ ਨੇਲ ਨੇ ਖਾਲਸਾ ਸਾਜਣਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ਵਿਚ ਦਰਜ ਕਰਵਾਇਆ ।
ਖਾਲਸਾ ਸਾਜਣਾ ਦਿਵਸ ਪੂਰੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ । 13 ਅਪ੍ਰੈਲ 1699 ਈਸਵੀ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਇੱਕ ਵੱਖਰਾ ਨਿਆਰਾ ਪੰਥ ਬਣਾ ਦਿੱਤਾ। ਗੁਰੂ ਜੀ ਨੇ ਭੇਦ-ਭਾਵ, ਜਾਤ-ਪਾਤ ਸਭ ਦਾ ਖਾਤਮਾ ਕਰ ਕੇ ਪੰਜਾਂ ਸਿੰਘਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਮੁੱਚੀ ਕੌਮ ਨੂੰ ਜਬਰ ਦੇ ਖਿਲਾਫ ਮਜ਼ਲੂਮਾਂ ਦੇ ਹੱਕ ਵਿੱਚ ਡਟਣ ਵਾਲੇ ਸੰਤ ਅਤੇ ਸਿਪਾਹੀ ਬਣਾ ਦਿੱਤਾ ।
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਕੌਮ ਲਈ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਖਾਲਸੇ ਦੇ ਨਿਆਰੇਪਨ ਨੂੰ ਦੁਨੀਆ ਪਹਿਚਾਣ ਰਹੀ ਹੈ । ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ ਸੀ ਵਿੱਚੋਂ ਕਾਂਗਰੇਸ਼ਨਲ ਰਿਕਾਰਡ ਵਿੱਚ ਖਾਲਸੇ ਦੀ ਸਾਜਨਾ ਦਿਵਸ ਦੇ ਮਹੱਤਵ ਨੂੰ ਸਮਝਣਾ ਇੱਕ ਕੌਮ ਦੇ ਭਵਿੱਖ ਲਈ ਬਹੁਤ ਵੱਡੀ ਗੱਲ ਹੈ ਉਹ ਵੀ ਉਸ ਸਮੇਂ ਜਦੋਂ ਭਾਰਤ ਵਰਗੇ ਦੇਸ਼ ਵਿੱਚ ਸਮੁੱਚਾ ਪੰਥ ਬਿਪਰਵਾਦੀ ਤਾਕਤਾਂ ਨਾਲ ਮੱਥਾ ਲਾ ਰਿਹਾ ਹੈ ।
ਇਹ ਵੱਡੇ ਯਤਨ ਵਰਲਡ ਸਿੱਖ ਪਾਰਲੀਮੈਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚਿਉਸਟ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਹੁਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਸਦਕਾ ਸੰਭਵ ਹੋਏ ਹਨ ।
ਰਿਚਰਡ ਈ ਨੀਲ ਚੇਅਰਮੈਨ ਕਮੇਟੀ ਆਨ ਵੇਜ਼ ਐਂਡ ਮੀਨਜ਼ ਨਾਲ ਹੋਈ ਮੀਟਿੰਗ ਵਿੱਚ ਵਰਲਡ ਸਿੱਖ ਪਾਰਲੀਮੈਟ ਦੇ ਨੁਮਾਇੰਦਿਆਂ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ, ਇਸ ਉੱਦਮ ਲਈ ਰਿਚਰਡ ਈ ਨੀਲ ਦਾ ਧੰਨਵਾਦ ਵੀ ਕੀਤਾ ਗਿਆ ॥