ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2021-ਸ੍ਰੀ ਮੁਕਤਸਰ ਜ਼ਿਲ੍ਹੇ ਅੰਦਰ ਵਹੀਕਲ ਚੋਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧਣ ਲੱਗੀਆਂ ਹਨ। ਆਏ ਦਿਨ ਕਿਤੋਂ ਨਾ ਕਿਤੋਂ ਮੋਟਰਸਾਇਕਲ, ਸਕੂਟਰੀਆਂ ਤੋਂ ਇਲਾਵਾ ਦੁਕਾਨਾਂ ਅੰਦਰ ਵੀ ਚੋਰੀ ਹੋਣ ਦੀਆਂ ਸ਼ਿਕਾਇਤਾਂ ਥਾਣਿਆਂ ’ਚ ਦਰਜ ਹੋ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਜਦੋਂ ਅਜਿਹੇ ਮਾਮਲੇ ਵਿੱਚ ਇੱਕ ਗਿਰੋਹ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਜ਼ਿਲ੍ਹੇ ਅੰਦਰ ਅਜਿਹੀ ਹੋਰ ਘਟਨਾ ਵਾਪਰ ਚੁੱਕੀ ਹੁੰਦੀ ਹੈ, ਜੋ ਇਸ ਸਮੇਂ ਸਥਾਨਕ ਪੁਲਿਸ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ।
ਅੱਜ ਦੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਸ਼ਹਿਰ ਅੰਦਰੋਂ ਦੋ ਮੋਟਰਸਾਇਕਲ ਚੋਰੀ ਹੋਏ ਹਨ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਪੁਲਿਸ ਕੋਲ ਪੀੜ੍ਹਤਾਂ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਹਨ। ਪਿੰਡ ਬਾਜਾ ਮਰਾੜ ਵਾਸੀ ਗੁਰਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਸਨੇ ਸ੍ਰੀ ਮੁਕਤਸਰ ਸਾਹਿਬ ਦੇ ਖੰਡਾ ਚੌਂਕ ਮਲੋਟ ਤਿਕੋਣੀ ’ਤੇ ਆਪਣਾ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ 30 ਡਬਲਯੂ 9468 ਖੜ੍ਹਾ ਕੀਤਾ ਸੀ, ਜਿਸ ਤੋਂ ਬਾਅਦ ਵਾਪਿਸ ਆ ਕੇ ਵੇਖਿਆ ਗਿਆ ਤਾਂ ਉਸਦਾ ਮੋਟਰਸਾਇਕਲ ਚੋਰੀ ਹੋ ਚੁੱਕਾ ਸੀ। ਗੁਆਚੇ ਮੋਟਰਸਾਇਕਲ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਉਥੇ ਹੀ ਮਲੋਟ ਪੁਲਿਸ ਕੋਲ ਆੜ੍ਹਤ ਦਾ ਕੰਮ ਕਰਨ ਵਾਲੇ ਵੇਦ ਪ੍ਰਕਾਸ਼ ਪੁੱਤਰ ਸਦਾ ਲਾਲ ਵਾਸੀ ਸਰਾਭਾ ਨਗਰ ਨੇ ਦੱਸਿਆ ਕਿ ਉਸਦਾ ਪੈਸ਼ਨ ਪਰੋ ਮੋਟਰਸਾਇਕਲ ਨੰਬਰ ਪੀਬੀ 30 ਪੀ 9238, ਜੋ ਉਸਨੇ ਆਪਣੀ ਆੜ੍ਹਤ ਦੀ ਦੁਕਾਨ ਵਿੱਚ ਬਾਹਰ ਖੜ੍ਹਾ ਕੀਤਾ ਸੀ, ਨੂੰ ਦੁਕਾਨ ਦਾ ਦਰਵਾਜ਼ਾ ਤੋੜਕੇ ਚੋਰੀ ਕਰ ਲਿਆ ਗਿਆ ਹੈ। ਇਸ ਸਬੰਧੀ ਸਬੰਧਿਤ ਪੁਲਿਸ ਸਟੇਸ਼ਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਅੰਦਰ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਹ ਘਟਨਾਵਾਂ ਆਮ ਹੀ ਹੋ ਰਹੀਆਂ ਹਨ, ਜਦੋਂਕਿ ਬੇਹੱਦ ਭੀੜਭਾੜ ਵਾਲੇ ਬਜ਼ਾਰਾਂ ’ਚ ਇਹ ਨੌਸਰਬਾਜ਼ ਚੁੱਟਕੀ ’ਚ ਹੀ ਵਹੀਕਲ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਪੁਲਿਸ ਵੱਲੋਂ ਭਾਵੇਂ ਸੁਰੱਖਿਆ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲ ’ਚ ਵਹੀਕਲ ਚੋਰ ਗਿਰੋਹ ਪੁਲਿਸ ਤੋਂ ਦੋ ਪੈਰ ਅੱਗੇ ਤੁਰ ਰਿਹਾ ਹੈ, ਜੋ ਪੁਰਾਣੀ ਕਹਾਵਤ ‘ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਵਾਂਗ ਸਥਾਨਕ ਪੁਲਿਸ ਪ੍ਰਸਾਸ਼ਨ ’ਤੇ ਭਾਰੀ ਪੈ ਰਿਹਾ ਹੈ।