ਮਨਿੰਦਰਜੀਤ ਸਿੱਧੂ
ਜੈਤੋ, 10 ਅਪਰੈਲ, 2021-ਐੱਸ.ਸੀ. ਰਾਖਵੇਂ ਹਲਕੇ ਜੈਤੋ ਤੋਂ ਮੌਜੂਦਾ ਵਿਧਾਇਕ ਮਾਸਟਰ ਬਲਦੇਵ ਸਿੰਘ ਸਮੇਤ ਕਈ ‘ਆਪ’ ਆਗੂ ਆਪਣੇ ਆਪ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰ ਵਜੋਂ ਦੇਖ ਰਹੇ ਹਨ। ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਮੁੰਡਾ ਜੋ ਜੈਤੋ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਉਹ ਹੈ ਡਾ. ਰਮਨਦੀਪ। ਪੇਸ਼ੇ ਵਜੋਂ ਡਾ. ਰਮਨਦੀਪ ਨੇ ਇਹਨੀਂ ਦਿਨੀਂ ਆਪਣੀਆਂ ਸਿਆਸੀ ਸਰਗਰਮੀਆਂ ਬੜੀਆਂ ਤੇਜ ਕੀਤੀਆਂ ਹੋਈਆਂ ਹਨ, ਚਾਹੇ ਉਹ ਪਿੰਡੋ ਪਿੰਡੀਂ ਜਾ ਕੇ ਲੋਕਾਂ ਨੂੰ ਮਿਲਣਾ ਹੋਵੇ, ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਰਾਬਤਾ ਕਾਇਮ ਕਰਨਾ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਫੇਸਬੁੱਕ, ਵੱਟਸਐੱਪ ਉੱਪਰ ਪਾਰਟੀ ਦਾ ਪ੍ਰਚਾਰ ਹੋਵੇ, ਡਾ. ਰਮਨਦੀਪ ਲਗਾਤਾਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦੀ ਉਦਾਹਰਨਾਂ ਦੇ ਪਾਰਟੀ ਪ੍ਰਚਾਰ ਦੇ ਨਾਲ ਨਾਲ ਆਪਣੀ ਪਛਾਣ ਬਣਾਉਣ ਵਿੱਚ ਲੱਗਿਆ ਹੋਇਆ ਹੈ। ਮਿਹਨਤ ਅਤੇ ਜਜਬੇ ਨਾਲ ਥੋੜ੍ਹੇ ਜਿਹੇ ਸਮੇਂ ਵਿੱਚ ਵੱਡੀ ਪਛਾਣ ਬਣਾਉਣਾ ਦਾ ਹੁਨਰ ਡਾ. ਰਮਨਦੀਪ ਨੂੰ ਹੋਰਨਾਂ ਤੋਂ ਅੱਡਰਾ ਬਣਾਉਂਦਾ ਹੈ। ਸਿਆਸੀ ਪੰਡਤਾਂ ਦੀ ਮੰਨੀਏ ਤਾਂ ਜਿੱਥੇ ਆਮ ਲੋਕ ਇਸ ਨੌਜਵਾਨ ਨੂੰ ਉਮੀਦ ਨਾਲ ਦੇਖ ਰਹੇ ਹਨ, ਉੱਥੇ ਇਸੇ ਹਲਕੇ ਤੋਂ ਟਿਕਟ ਦੇ ਦੂਜੇ ਦਾਅਵੇਦਾਰਾਂ ਲਈ ਇਸ ਨੌਜਵਾਨ ਡਾਕਟਰ ਦੀਆਂ ਸਿਆਸੀ ਸਰਗਰਮੀਆਂ ਸਿਰਦਰਦੀ ਦਾ ਕਾਰਨ ਬਣੀਆਂ ਹੋਈਆਂ ਹਨ।