ਆਪ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਸੰਘਰਸ਼ ਛੇੜਣ ਦੀ ਗੱਲ ਆਖ਼ੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2021-ਪੰਜਾਬ ਵਿਚ ਸਾਰੇ ਸੂਬਿਆਂ ਨਾਲੋਂ ਮਹਿੰਗੀ ਬਿਜਲੀ ਮਿਲਦੀ ਹੈ, ਜੋ ਸੂਬਾ ਸਰਕਾਰ ਦੀ ਦੋਗਲੀ ਨੀਤੀ ਦੀ ਉਦਾਹਰਨ ਹੈ। ਇਹ ਪ੍ਰਗਟਾਵਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ ਤੇ ਸਰਬਜੀਤ ਸਿੰਘ ਸੈਕਟਰੀ ਨੇ ਕੀਤਾ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਸੀ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਦੇ ਹੀ ਬਿਜਲੀ ਦਾ ਵਾਇਟ ਪੇਪਰ ਜਾਰੀ ਕੀਤਾ ਜਾਵੇਗਾ ਤੇ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤੇ ਵੀ ਰੱਦ ਕਰ ਦਿੱਤੇ ਜਾਣਗੇ, ਪਰ ਅਜਿਹਾ ਕੁੱਝ ਨਹੀਂ ਹੋਇਆ। ਉਨਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿਚ ਕਿਵੇਂ ਸੂਬੇ ਦੇ ਲੋਕਾਂ ਦੀ ਲੁੱਟ ਕੀਤੀ ਹੈ, ਪਰ ਕੈਪਟਨ ਸਰਕਾਰ ਨੇ 4 ਸਾਲ ਬਾਅਦ ਵੀ ਕੁੱਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਭਰ ਵਿਚ ਬਿਜਲੀ ਬਿੱਲ ਸਾੜ ਕੇ ਮਹਿੰਗੀ ਬਿਜਲੀ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਗਤੀਵਿਧੀਆਂ ਦੀ ਸਫਲਤਾ ਤੋਂ ਘਬਰਾਕੇ ਅਮਰਿੰਦਰ ਸਿੰਘ ਕੋਰੋਨਾ ਦਾ ਸਹਾਰਾ ਲੈ ਰਿਹਾ ਹੈ, ਪਰ ਲੋਕ ਹੁਣ ਸਰਕਾਰ ਦੀਆਂ ਗੱਲਾਂ ’ਚ ਨਹੀਂ ਆਉਣਗੇ। ਬਾਂਮ ਨੇ ਕਿਹਾ ਕਿ ਹੁਣ ਆਪ ਵੱਲੋਂ 16 ਹਜ਼ਾਰ ਤੋਂ ਵੱਧ ਜਨਸਭਾਵਾਂ ਕੀਤੀਆਂ ਜਾਣਗੀਆਂ ਤੇ ਅਕਾਲੀ ਸਮੇਤ ਕਾਂਗਰਸ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਜੱਗ ਜ਼ਾਹਿਰ ਕੀਤੀਆਂ ਜਾਣਗੀਆਂ। ਇਸ ਮੌਕੇ ਕਰਨੈਲ ਸਿੰਘ ਖਜ਼ਾਨਚੀ, ਜਗਮੋਹਨ ਸਿੰਘ ਸੁਖਨਾ ਜ਼ਿਲਾ ਮੀਡੀਆ ਇੰਚਾਰਜ, ਅਮਰਧੀਰ ਸਿੰਘ ਬਾਂਮ, ਸ਼ੇਰਜੰਗ ਸਿੰਘ ਤੇ ਜਸਵੰਤ ਸਿੰਘ ਸੰਧੂ ਹਾਜ਼ਰ ਸਨ।