ਸਰਕਾਰੀ ਖ਼ਰੀਦ ਦੇ ਐਲਾਨ ਤੋਂ ਬਾਅਦ ਮੰਡੀ ’ਚ ਕਣਕ ਦੀਆਂ ਲੱਗੀਆਂ ਢੇਰੀਆਂ
ਕਿਸਾਨ ਬਾਰਿਸ਼ ਤੋਂ ਬਚਾਅ ਲਈ ਕਰਨ ਲੱਗੇ ਪ੍ਰਬੰਧ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2021-ਭਾਵੇਂ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸੂਬੇ ਭਰ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ’ਚ ਚੱਲ ਰਹੀ ਆੜ੍ਹਤੀਆਂ ਦੀ ਹੜਤਾਲ ਕਾਰਨ ਅੱਜ ਇਹ ਖ਼ਰੀਦ ਨਹੀਂ ਹੋ ਸਕੀ ਹੈ। ਭਾਵੇਂ ਇਹ ਹੜਤਾਲ ਦੁਪਹਿਰ 2 ਵਜੇ ਤੋਂ ਬਾਅਦ ਖ਼ਤਮ ਵੀ ਕਰ ਦਿੱਤੀ ਗਈ ਸੀ, ਪਰ ਫ਼ਿਰ ਵੀ ਕਣਕ ਦੀ ਫ਼ਸਲ ਗਿੱਲੀ ਆਉਣ ਦੇ ਕਾਰਨ ਆੜ੍ਹਤੀਆਂ ਵੱਲੋਂ ਕਿਸੇ ਵੀ ਢੇਰੀ ਦੀ ਖ਼ਰੀਦ ਨਹੀਂ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਕੱਚਾ ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਬੱਬੂ ਬਾਂਸਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਫ਼ਸਲ ਦੀ ਸਿੱਧੀ ਅਦਾਇਗੀ ਦੇ ਰੋਸ ਵਜੋਂ ਆੜ੍ਹਤੀਆ ਤੇ ਸਮੂਹ ਮੰਡੀ ਵਰਗ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਜਦੋਂਕਿ ਸੂਬਾ ਸਰਕਾਰ ਨੇ ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਸਟੇਟ ਕਮੇਟੀ ਦੇ ਫੈਸਲੇ ਤਹਿਤ ਅੱਜ ਇਹ ਹੜਤਾਲ ਬਾਅਦ ਦੁਪਹਿਰ ਖ਼ਤਮ ਕਰ ਦਿੱਤੀ ਗਈ ਹੈ। ਬੱਬੂ ਨੇ ਦੱਸਿਆ ਕਿ ਬਾਅਦ ਦੁਪਹਿਰ ਮੰਡੀ ਅੰਦਰ ਆਈ ਕਣਕ ਦੀ ਫ਼ਸਲ ’ਚ ਨਮੀ ਜ਼ਿਆਦਾ ਹੋਣ ਕਰਕੇ ਅੱਜ ਇਹ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅਗਲੇ ਆਦੇਸ਼ਾਂ ਤੋਂ ਬਾਅਦ ਮੰਡੀ ਅੰਦਰ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਵਰਣਨਯੋਗ ਹੈ ਕਿ ਕੇਂਦਰ ਸਰਕਾਰ ਦੇ ਅਦਾਇਗੀ ਫੈਸਲੇ ਤੋਂ ਪਰੇਸ਼ਾਨ ਆੜ੍ਹਤੀਆਂ, ਗੱਲਾ ਮੰਡੀ ਮਜ਼ਦੂਰ ਯੂਨੀਅਨ ਸਮੇਤ ਸਮੂਹ ਵਰਕਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ। ਯੂਨੀਅਨ ਦੇ ਪ੍ਰਧਾਨ ਮੋਨੂੰ ਨਗੌਰੀਆ ਨੇ ਦੱਸਿਆ ਕਿ ਉਨਾਂ ਨੂੰ ਫ਼ਸਲ ਦੀ ਸਫਾਈ ਲੇਬਰ ਆੜ੍ਹਤੀਆਂ ਕੋਲੋਂ ਮਿਲਦੀ ਸੀ, ਪਰ ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸਫਾਈ ਦੀ ਲੇਬਰ ਕਿਸਾਨਾਂ ਤੋਂ ਵਸੂਲ ਕੀਤੀ ਜਾਵੇ, ਜਿਸਦੇ ਰੋਸ ਵਜੋਂ ਉਹ ਅੱਜ ਆੜ੍ਹਤੀਆਂ ਦੀ ਹੜਤਾਲ ’ਚ ਸ਼ਾਮਿਲ ਹੋਏ ਹਨ। ਇਹ ਵੀ ਵਰਣਨਯੋਗ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਮੰਡੀਕਰਨ ਦੇ ਨਵੇਂ ਫੈਸਲਿਆਂ ਤੋਂ ਅਜੇ ਤੱਕ ਵੀ ਆੜ੍ਹਤੀਆਂ ਸਮੇਤ ਮੰਡੀ ਮੁਲਾਜ਼ਮਾਂ ’ਚ ਰੋਸ ਦੀ ਝਲਕ ਵਿਖਾਈ ਦੇ ਰਹੀ ਹੈ।
ਮੰਡੀ ’ਚ ਕਣਕ ਦੀਆਂ ਢੇਰੀਆਂ ਲੱਗਣੀਆਂ ਸ਼ੁਰੂ
ਸਥਾਨਕ ਅਨਾਜ ਮੰਡੀ ਅੰਦਰ ਸਰਕਾਰੀ ਖ਼ਰੀਦ ਦੇ ਐਲਾਨ ਤੋਂ ਬਾਅਦ ਕਣਕ ਦੀਆਂ ਢੇਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਮੰਡੀ ਅੰਦਰ ਕਿਸਾਨ ਲਗਾਤਾਰ ਕਣਕ ਦੀ ਫ਼ਸਲ ਲਿਆ ਰਹੇ ਹਨ, ਪਰ ਖ਼ਰੀਦ ਸ਼ੁਰੂ ਨਾ ਹੋਣ ਦੇ ਚੱਲਦਿਆਂ ਕਿਸਾਨਾਂ ਨੂੰ ਖੱਜਲ ਖ਼ੁਆਰ ਵੀ ਹੋਣਾ ਪੈ ਰਿਹਾ ਹੈ। ਕਿਸਾਨ ਆਪਣੀ ਫ਼ਸਲ ਕੋਲ ਰਾਖੀ ਬੈਠੇ ਹਨ ਤੇ ਬਾਰਿਸ਼ ਤੋਂ ਬਚਾਅ ਲਈ ਇੰਤਜਾਮ ਕਰਨ ਲੱਗੇ ਹਨ। ਉਧਰ ਮਾਰਕਿਟ ਕਮੇਟੀ ਵੱਲੋਂ ਵੀ ਮੰਡੀਆਂ ਅੰਦਰ ਕਣਕ ਦੀ ਖ਼ਰੀਦ ਲਈ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ। ਮੰਡੀ ਅੰਦਰ ਮਾਸਕ, ਸੈਨੇਟਾਈਜ਼ ਤੇ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਫ਼ਿਲਹਾਲ ਮੰਡੀ ’ਚ ਕਣਕ ਆਉਣੀ ਸ਼ੁਰੂ ਹੋ ਗਈ ਹੈ ਤੇ ਕਿਸਾਨ ਜਲਦੀ ਹੀ ਖ਼ਰੀਦ ਹੋਣ ਦਾ ਇੰਤਜ਼ਾਰ ਕਰ ਰਹੇ ਹਨ।