ਰਾਜਵੰਤ ਸਿੰਘ
ਮਲੋਟ, 10 ਅਪ੍ਰੈਲ 2021-ਥਾਣਾ ਸਦਰ ਪੁਲਿਸ ਮਲੋਟ ਨੇ ਪਿੰਡ ਤਰਖ਼ਾਣਵਾਲਾ ਦੇ ਵਾਟਰ ਵਰਕਸ ਤੋਂ ਕਰੀਬ 2 ਲੱਖ 30 ਹਜ਼ਾਰ ਰੁਪਏ ਦਾ ਸਮਾਨ ਚੋਰੀ ਹੋਣ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਤ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਵਾਸੀ ਤਰਖ਼ਾਣਵਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ ਕਿ 8 ਅਪ੍ਰੈਲ ਨੂੰ ਉਹ ਵਾਟਰ ਵਰਕਸ ’ਤੇ ਕੰਮ ਕਰਕੇ ਜਿੰਦਰਾ ਲਗਾਕੇ ਆਪਣੇ ਘਰ ਚਲਾ ਗਿਆ, ਜਦੋਂ ਉਹ ਸਵੇਰੇ 7 ਕੁ ਵਜੇ ਵਾਪਿਸ ਵਾਟਰ ਵਰਕਸ ’ਤੇ ਗਿਆ ਤਾਂ ਉਥੇ ਜਿੰਦਰਾ ਟੁੱਟਿਆ ਪਿਆ ਸੀ। ਅੰਦਰ ਜਾ ਕੇ ਵੇਖਿਆ ਗਿਆ ਤਾਂ ਉਥੋਂ ਪੰਚਾਇਤ ਵੱਲੋਂ ਲਗਾਈ ਬਿਜਲੀ ਦੀਆਂ ਮੋਟਰਾਂ, ਜਿਸ ਵਿੱਚ ਇੱਕ ਮੋਟਰ 25 ਐਚਪੀ, ਇੱਕ ਮੋਟਰ 3 ਐਚਪੀ, ਆਰਓ ਫਿਲਟਰ ਵਾਲੀਆਂ ਤਿੰਨ ਮੋਟਰਾਂ 5 ਐਚਪੀ ਤੇ ਤਿੰਨ ਸਟਾਰਟਰ ਗਾਇਬ ਸਨ ਤੇ ਬਾਕੀ ਦੇ ਜਿੰਦਰੇ ਵੀ ਟੁੱਟੇ ਹੋਏ ਸਨ। ਚੋਰੀ ਦੀ ਘਟਨਾ 8-9 ਦੀ ਦਰਮਿਆਨੀ ਰਾਤ ਸਮੇਂ ਦੱਸੀ ਜਾ ਰਹੀ ਹੈ। ਹੁਣ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।