ਅਸ਼ੋਕ ਵਰਮਾ
ਬਠਿੰਡਾ,10 ਅਪਰੈਲ 2021: ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਬਠਿੰਡਾ ’ਚ ਵੱਖ ਵੱਖ ਸਰਕਾਰੀ ਮਹਿਕਮਿਆਂ ਦੇ ਮੁਲਾਜਮਾਂ ਨੇ ਵਿੱਤ ਮੰਤਰੀ ਦੇ ਦਫਤਰ ਵੱਲ ਰੋਸ ਮਾਰਚ ਕਰਕੇ ‘ਵਾਅਦਾ ਯਾਦ ਕਰਾਊ’ ਪੱਤਰ ਦਿੱਤਾ। ਇਸ ਤੋਂ ਪਹਿਲਾਂ ਰੋਜ਼ ਗਾਰਡਨ ਸਾਹਮਣੇ ਫਲਾਈਓਵਰ ਹੇਠਾਂ ਦਿੱਤੇ ਰੋਸ ਧਰਨੇ ਦੌਰਾਨ ਮੁਲਾਜਮ ਆਗੂਆਂ ਦਾ ਕੈਪਟਨ ਸਰਕਾਰ ਵੱਲੋਂ ਕੀਤੀ ਵਾਅਦਾ ਖਿਲਾਫੀ ਖਿਲਾਫ ਸੁਰ ਤਿੱਖੀ ਰਹੀ। ਬੁਲਾਰਿਆਂ ਨੇ ਵਿਧਾਇਕਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਨੂੰ ਲੈਕੇ ਸਿਆਸੀ ਲੀਡਰਾਂ ਤੇ ਤਵੇ ਲਾਏ ਅਤੇ ਆਖਿਆ ਕਿ ਜੇਕਰ ਸਿਆਸੀ ਲੀਡਰ ਪੰਜ ਸਾਲ ਬਾਅਦ ਪੈਨਸ਼ਨ ਦੇ ਹੱਕਦਾਰ ਬਣ ਸਕਦੇ ਹਨ ਤਾਂ 58 ਸਾਲ ਦੀ ਸੇਵਾ ਕਰਨ ਵਾਲਾ ਮੁਲਾਜਮ ਕਿਓਂ ਨਹੀਂ। ਮੁਲਾਜਮ ਆਗੂਆਂ ਨੇ ਸਰਕਾਰੀ ਮੁਲਾਜਮਾਂ ਦੇ ਦੁੱਖਾਂ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਿੰਮੇਵਾਰ ਕਰਾਰ ਦਿੱਤਾ ਅਤੇ ਵੱਖ ਵੱਖ ਮੰਗਾਂ ਨੂੰ ਲੈਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।
ਕਮੇਟੀ ਆਗੂ ਸੂਬਾ ਕੋ ਕਨਵੀਨਰ ਜਗਸੀਰ ਸਿੰਘ ਸਹੋਤਾ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ’ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈੰਨਸ਼ਨ ਬਹਾਲ ਕਰਨ ਦੇ ਕੀਤੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੈਂਨਸ਼ਨ ਮੁਲਾਜਮ ਦੇ ਬੁਢਾਪੇ ਦੀ ਡੰਗੋਰੀ ਹੈ ਜੋਕਿ ਹਰ ਉਸ ਮੁਲਾਜਮ ਦਾ ਹੱਕ ਹੈ ਜੋ ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਸਰਕਾਰੀ ਸੇਵਾਵਾਂ ਵਿੱਚ ਲਾਉਂਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਇਸ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਖਾਨਾਪੂਰਤੀ ਤੋਂ ਇਲਾਵਾ ਕੋਈ ਉਪਰਾਲਾ ਨਹੀਂ ਕੀਤਾ ਜਿਸ ਕਰਕੇ ਹੁਣ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ।
ਮੁਕਤਸਰ ਤੋਂ ਮੁਲਾਜਮ ਆਗੂ ਰਣਜੀਤ ਸਿੰਘ ਭਲਾਈਆਣਾ ਤੇ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਨਵੀਂ ਪੈਨਸ਼ਨ ਵਰਗੀ ਖੋਖਲੀ ਸਕੀਮ ਦੇ ਚਿੰਤਾਜਨਕ ਨਤੀਜੇ ਸਾਹਮਣੇ ਆ ਰਹੇ ਹਨ ਤਾਂ ਇਸ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਏ ਜਾਣਾ ਸਪੱਸ਼ਟ ਕਰਦਾ ਹੈ ਤੇ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ । ਉਨ੍ਹਾਂ ਆਖਿਆ ਕਿ ਨਵੀਂ ਪੈਨਸ਼ਨ ਸਕਕੀਮ ਤਹਿਤ ਸੇਵਾ ਮੁਕਤ ਹੋਏ ਮੁਲਾਜਮ ਗੁਰਬਤ ਦੀ ਜਿੰਦਗੀ ਜਿਉਣ ਲਈ ਮਜਬੂਰ ਹਨ ਜੋਕਿ ਚੋਣਾਂ ਮੋਕੇ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਕਾਂਗਰਸੀ ਆਗੂਆਂ ਵਾਲੀ ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ। ਆਗੂਆਂ ਨੇ ਤਿੱਖੀ ਪ੍ਰੀਕਿਰਿਆ ਪਰਗਟ ਕਰਦਿਆਂ ਕਿਹਾ ਕਿ ਵਿਸ਼ਵ ਦੇ ਇਹ ਇਕਲੌਤੀ ਸਰਕਾਰ ਹੈ ਜੋ ਆਪਣੇ ਕਰਮਚਾਰੀਆਂ ਨੂੰ ਸਾਰੀ ਉਮਰ ਕੰਮ ਕਰਨ ਬਦਲੇ ਸੁਰੱਖਿਅਤ ਬੁਢਾਪੇ ਦੀ ਗਾਰੰਟੀ ਨਹੀਂ ਦਿੰਦੀ ਹੈ।
ਮਾਨਸਾ ਜਿਲ੍ਹੇ ਦੇ ਆਗੂ ਕਰਮਜੀਤ ਸਿੰਘ ਤਾਮਕੋਟ ਤੇ ਦਰਸ਼ਨ ਸਿੰਘ ਅਲੀਸ਼ੇਰ ਨੇ ਦੱਸਿਆ ਕਿ 23 ਮਾਰਚ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਗੱਲਬਾਤ ਦੇ ਸਾਰਥਿਕ ਨਤੀਜੇ ਨਹੀਂ ਨਿੱਕਲੇ ਸਨ ਜਿਸ ਕਰਕੇ ਮੁਲਾਜਮਾਂ ਨੂੰ ਅੱਜ ਵਜ਼ੀਰਾਂ ਦਾ ਮਜਬੂਰਨ ਘੇਰਾਓ ਕਰਨਾ ਪਿਆ ਹੈ। ਜਿਲ੍ਹਾ ਕਨਵੀਨਰ ਦਵਿੰਦਰ ਸਿੰਘ ਬਠਿੰਡਾ ਨੇ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਮਾਮਲੇ ’ਚ ਸਰਕਾਰ ਵੱਲੋਂ ਕੀਤੇ ਵਾਧੇ ਘਾਟੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਨੂੰ ਮੁਲਾਜਮ ਵਰਗ ਤੇ ਮਾਰੂ ਵਾਰ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਮੁਲਾਜਮਾਂ ਨਾਲ ਇਹ ਕੇਵਲ ਪੱਖਪਾਤ ਨਹੀਂ ਬਲਕਿ ਘੋਰ ਬੇਇਨਸਾਫੀ ਹੈ ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂ ਸ਼ਪਿੰਦਰ ਸਿੰਘ ਬਰਾੜ ਤੇ ਰਾਜਵੀਰ ਸਿੰਘ ਬਠਿੰਡਾ ਨੇ ਚੇਤਾਵਨੀ ਦਿੱਤੀ ਕਿ ਜੇ ਇਸ ਮੰਗ ਨੂੰ ਅਣਗੌਲਿਆਂ ਕਰਨਾ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਨੁਮਾਇੰਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰੀ ਖਿੱਚ ਲੈਣ। ਸਰਕਾਰ ਨੂੰ ਦਾਖਾ ਜਿਮਨੀ ਚੋਣ ਨਤੀਜਿਆਂ ਤੋਂ ਸਬਕ ਲੈਣ ਦੀ ਸਲਾਹ ਦਿੰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਅਤੇ ਯੂ ਟੀ ਮੁਲਾਜ਼ਮ ਜਲਦ ਹੀ ਐਨ ਪੀ ਐਸ ਵਿਰੁੱਧ ਇੱਕ ਵੱਡਾ ਵਿਰੋਧ ਦਰਜ ਕਰਨਗੇ। ਇਸ ਮੌਕੇ ਹਰਦੀਪ ਸਿੰਘ ਸਿੱਧੂ ਮਾਨਸਾ,ਕੁਲਵਿੰਦਰ ਕਟਾਰੀਆ ਅਸ਼ਵਨੀ ਕੁਮਾਰ,ਗੁਰਵਿੰਦਰ ਸਿੰਘ ਸੰਧੂ,ਮਨਜੀਤ ਸਿੰਘ ਬਾਜਕ, ਗੁਰਪ੍ਰੀਤ ਸਿੰਘ, ਜਗਦੀਸ਼ ਕੁਮਾਰ ,ਗੁਰਪ੍ਰੀਤ ਲੰਬੀ,ਗੁਰਪ੍ਰੀਤ ਦਲੇਲਵਾਲਾ, ਵਿਕਾਸ ਗਰਗ ,ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਠਿੰਡਾ,ਲਖਵੀਰ ਸਿੰਘ ਹਰੀਕੇ ,ਮਨਿਸਟਰੀਅਲ ਸਟਾਫ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਪੁਲਿਸ ਨੂੰ ਸੁਧਰਨ ਦੀ ਨਸੀਹਤ
ਮੁਲਾਜਮ ਆਗੂ ਰਾਜਵੀਰ ਸਿੰਘ ਮਾਨ ਨੇ ਧਰਨੇ ਦੌਰਾਨ ਪੁਲਿਸ ਨੂੰ ਆਪਣੇ ਵਤੀਰੇ ’ਚ ਸੁਧਾਰ ਲਿਆਉਣ ਦੀ ਨਸੀਹਤ ਦਿੰਦਿਆਂ ਆਖਿਆ ਕਿ ਪੁਲਿਸ ਅਧਿਕਾਰੀ ਮਾਸਕ ਨਾਂ ਪਹਿਨਿਆ ਹੋਣ ਕਾਰਨ ਚਲਾਨ ਕੱਟਣ ਤੋਂ ਬਾਜ ਆਉਣ। ਉਨ੍ਹਾਂ ਆਖਿਆ ਕਿ ਮਾਸਕ ਤਾਂ ਪੁਲਿਸ ਮੁਲਾਜਮਾਂ ਨੇ ਵੀ ਨਹੀਂ ਪਹਿਨੇ ਕੀ ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਮੁਲਾਜਮਾਂ ਦੀ ਨਹੀਂ ਪੁਲਿਸ ਕਰਮਚਾਰੀਆਂ ਦੀ ਵੀ ਲੜਾਈ ਹੈ ਕਿਉਂਕਿ ਨਵੀਂ ਪੈਨਸ਼ਨ ਸਕੀਮ ਦੇ ਹੁੰਦਿਆਂ ਸੇਵਾਮੁਕਤੀ ਮੌਕੇ ਉਨ੍ਹਾਂ ਦਾ ਵੀ ਇਹੋ ਹਾਲ ਹੋਣਾ ਹੈ ਜੋ ਹੁਣ ਬਾਕੀਆਂ ਦਾ ਹੋ ਰਿਹਾ ਹੈ।