ਚੰਡੀਗੜ੍ਹ 10 ਅਪ੍ਰੈਲ 2021 : ਕਰੋਨਾ ਕਾਰਨ ਵਿਛੋੜਾ ਦੇ ਗਏ ਉਘੇ ਫਿਲਮੀ ਕਲਾਕਾਰ ਸਤੀਸ਼ ਕੌਲ ਦੀ ਮੌਤ ਉਤੇ ਦੁਖ ਪ੍ਰਗਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸ਼੍ਰੀ ਸਤੀਸ਼ ਕੌਲ ਨੂੰ ਭਾਰਤੀ ਸਿਨੇਮਾ ਵਿਚ ਪਾਏ ਵੱਡੇ ਯੋਗਦਾਨ ਲਈ ਹਮੇਸ਼ਾ ਵਾਸਤੇ ਯਾਦ ਰੱਖਿਆ ਜਾਵੇਗਾ।
ਉਨਾ ਆਖਿਆ ਕਿ ਸ਼੍ਰੀ ਕੌਲ ਨੇ ਤਿੰਨ ਸੌ ਤੋਂ ਵਧੇਰੇ ਹਿੰਦੀ ਤੇ ਪੰਜਾਬੀ ਫਿਲਮਾਂ ਵਿਚ ਖੂਬਸੂਰਤੀ ਭਰੀ ਅਦਾਕਾਰੀ ਨਿਭਾਈ। 26 ਸਤੰਬਰ 1948 ਨੂੰ ਪੈਦਾ ਹੋਏ ਸ਼ਤੀਸ਼ ਕੌਲ ਨੇ 'ਵਿਕਰਮ ਔਰ ਬਤਾਲ' ਤੇ 'ਮਹਾਂਭਾਰਤ' ਲੜੀਵਾਰ ਵਿੱਚ ਅਹਿਮ ਭੂਮਿਕਾ ਨਿਭਾਈਆਂ। ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਕਿਸਮਤ ਦਾ ਗੇੜ ਹੈ ਕਿ ਸਤੀਸ਼ ਕੌਲ ਨੂੰ ਆਪਣੀ ਉਮਰ ਦਾ ਆਖਰੀ ਪੈਂਡਾ ਔਖ ਵਿਚ ਕੱਟਣਾ ਪਿਆ।
ਪੰਜਾਬ ਸਰਕਾਰ ਵਲੋਂ ਸ੍ਰ ਚੰਨੀ ਨੇ ਕੌਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੁਖਦ ਮੌਕੇ ਉਤੇ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਨੇ ਵੀ ਸਤੀਸ਼ ਕੌਲ ਨੂੰ ਸਿਜਦਾ ਕੀਤਾ ਹੈ। ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸ਼੍ਰੀ ਕੌਲ ਹਰਮਨ ਪਿਆਰੇ ਤੇ ਮਹਿਬੂਬ ਫਨਕਾਰ ਸਨ ਤੇ ਉਨਾ ਨੂੰ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਨੇ ਮਾਣ ਤੇ ਮੋਹ ਦਿਤਾ।
ਨਿੰਦਰ ਘੁਗਿਆਣਵੀ
ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।